ਨਾਮਜ਼ਦਗੀ ਰੱਦ ਹੋਣ ਮਗਰੋਂ ਬਦਲੇ ਸਿਆਸੀ ਸਮੀਕਰਨ: ‘ਆਪ’ ਉਮੀਦਵਾਰ ਨੇ ਫੜਿਆ ਤਕੜੀ ਦਾ ਪੱਲਾ, ਪਰ ਅਕਾਲੀ ਵਰਕਰਾਂ ਦੀ ਮਜਬੂਰੀ ਬਣਿਆ ‘ਝਾੜੂ’
ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ ਤਿੰਨ ਵਿੱਚ ਅਜੀਬ ਸਥਿਤੀ ਬਣ ਗਈ ਹੈ। ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਝਾੜੂ ਦੇ ਨਿਸ਼ਾਨ ’ਤੇ ਮੋਹਰਾਂ ਲਾਉਂਦੇ ਹੋਏ ਨਜ਼ਰ ਆਉਣਗੇ। ਇਹ ਸੁਣ ਕੇ ਭਾਵੇਂ ਹੈਰਾਨੀ ਹੁੰਦੀ ਹੋਵੇ ਪਰ ਇਹ ਸੱਚ ਹੈ। ਇਸ ਤਰ੍ਹਾਂ ਹੈ ਕਿ ਵਾਰਡ ਨੰਬਰ ਤਿੰਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ।
Publish Date: Fri, 22 May 2026 01:01 PM (IST)
Updated Date: Fri, 22 May 2026 01:02 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈ ਕਾ : ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ ਤਿੰਨ ਵਿੱਚ ਅਜੀਬ ਸਥਿਤੀ ਬਣ ਗਈ ਹੈ। ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਝਾੜੂ ਦੇ ਨਿਸ਼ਾਨ ’ਤੇ ਮੋਹਰਾਂ ਲਾਉਂਦੇ ਹੋਏ ਨਜ਼ਰ ਆਉਣਗੇ। ਇਹ ਸੁਣ ਕੇ ਭਾਵੇਂ ਹੈਰਾਨੀ ਹੁੰਦੀ ਹੋਵੇ ਪਰ ਇਹ ਸੱਚ ਹੈ। ਇਸ ਤਰ੍ਹਾਂ ਹੈ ਕਿ ਵਾਰਡ ਨੰਬਰ ਤਿੰਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ।
ਇਸ ਤੋਂ ਬਾਅਦ ਮੈਦਾਨ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਰਹਿ ਗਏ ਸਨ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੀ ਉਮੀਦਵਾਰ ਹਰਪਾਲ ਕੌਰ ਪਤਨੀ ਨੈਬ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਭਾਵੇਂ ਉਮੀਦਵਾਰ ਹਰਪਾਲ ਕੌਰ ਆਮ ਆਦਮੀ ਪਾਰਟੀ ਤੋਂ ਅਕਾਲੀ ਆਗੂ ਬਣ ਗਏ, ਪਰ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਕਾਰਨ ਉਨ੍ਹਾਂ ਨੂੰ ਚੋਣ ਨਿਸ਼ਾਨ ਝਾੜੂ ਮਿਲਿਆ ਹੈ, ਜਿਸ ਕਾਰਨ ਸਥਿਤੀ ਇਹ ਹੈ ਕਿ ਉਕਤ ਉਮੀਦਵਾਰ ਨੂੰ ਕਿਸ ਪਾਰਟੀ ਦਾ ਕਿਹਾ ਜਾਵੇ। ਭਾਵੇਂ ਉਹ ਚੋਣ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੜ ਰਹੇ ਹਨ, ਪਰ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਅਕਾਲੀ ਆਗੂ ਬਣ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਰਪਾਲ ਕੌਰ ਦੀ ਜਿੱਤ ਲਈ ਦਿਨ-ਰਾਤ ਇਕ ਕਰ ਰਹੇ ਹਨ। ਇਹੀ ਕਾਰਨ ਹੈ ਕਿ ਹੁਣ 26 ਮਈ ਨੂੰ ਵੋਟਾਂ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਵਾਰਡ ਨੰਬਰ 3 ਵਿਚ ਹਰਪਾਲ ਕੌਰ ਨੂੰ ਜਿਤਾਉਣ ਲਈ ਇਕ ਵਾਰ ਝਾੜੂ ਦੇ ਨਿਸ਼ਾਨ ’ਤੇ ਮੋਹਰਾਂ ਲਾਉਂਦੇ ਨਜ਼ਰ ਆਉਣਗੇ। ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ ਤਿੰਨ ਵਿਚ ਹੁਣ ਮੁਕਾਬਲਾ ਝਾੜੂ ਦੇ ਨਿਸ਼ਾਨ ’ਤੇ ਚੋਣ ਲੜ ਰਹੀ ਅਕਾਲੀ ਬਣ ਚੁੱਕੀ ਹਰਪਾਲ ਕੌਰ ਦਾ ਕਾਂਗਰਸ ਦੀ ਉਮੀਦਵਾਰ ਨੀਟੂ ਕੌਰ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ।