ਦੀਵਾਲੀ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਬੁਢਲਾਡਾ ’ਚ ਫ਼ਲੈਗ ਮਾਰਚ
ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦਿਆਂ
Publish Date: Sat, 18 Oct 2025 06:58 PM (IST)
Updated Date: Sat, 18 Oct 2025 06:59 PM (IST)

- ਲੋਕਾਂ ਦੀ ਸੁਰੱਖਿਆ ਲਈ ਪੁਲਿਸ 24 ਘੰਟੇ ਹਾਜ਼ਰ : ਡੀਐੱਸਪੀ ਚੀਮਾ ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਸ਼ਹਿਰ ਵਿੱਚ ਫ਼ਲੈਗ ਮਾਰਚ ਕੱਢਿਆ ਗਿਆ। ਇਸ ਦੀ ਅਗਵਾਈ ਡੀਐੱਸਪੀ ਸਿਕੰਦਰ ਸਿੰਘ ਚੀਮਾ ਨੇ ਕੀਤੀ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਪਣਾ ਆਲਾ-ਦੁਆਲਾ ਸੁਰੱਖਿਅਤ ਕਰਦਿਆਂ ਸ਼ੱਕੀ ਵਿਅਕਤੀ, ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਖ਼ਾਸ ਤੌਰ ਤੇ ਤਿਉਹਾਰਾਂ ਦੌਰਾਨ ਭੀੜ ਭੜੱਕੇ ਬਾਜ਼ਾਰਾਂ ’ਚ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਰਤੋਂ ਸੁਚੇਤ ਰਹਿ ਕੇ ਕਰੋ, ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਸ਼ਹਿਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਾਕੇ ਵੇਚਣ ਵਾਲੇ ਨਿਰਧਾਰਿਤ ਜਗ੍ਹਾ ’ਤੇ ਹੀ ਪਟਾਕੇ ਵੇਚਣ ਅਤੇ ਪੂਰੀ ਸਾਵਧਾਨੀ ਵਰਤਦਿਆਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਟ੍ਰੈਫ਼ਿਕ ਨੂੰ ਮੱਦੇਨਜ਼ਰ ਰੱਖਦਿਆਂ ਟ੍ਰੈਫਿਕ ਪੁਲਿਸ ਥਾਂ-ਥਾਂ ’ਤੇ ਤਾਇਨਾਤ ਕੀਤੀ ਗਈ ਹੈ, ਉੱਥੇ ਹੀ ਸ਼ਹਿਰ ’ਚ ਆਉਣ-ਜਾਣ ਵਾਲੇ ਬਾਹਰਲੇ ਲੋਕਾਂ ਦੀ ਚੈਕਿੰਗ ਲਈ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ਹਿਰ ’ਚ ਦਾਖ਼ਲ ਹੋਣ ਵਾਲੇ ਵ੍ਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ। ਫ਼ਲੈਗ ਮਾਰਚ ਦੌਰਾਨ ਸਬ ਡਵੀਜ਼ਨ ਦੇ ਸਮੁੱਚੇ ਥਾਣਿਆਂ ਦੇ ਐੱਸਐੱਚਓ ਸਮੇਤ ਭਾਰੀ ਪੁਲਿਸ ਫ਼ੋਰਸ ਸ਼ਾਮਲ ਸੀ, ਜੋ ਸਿਟੀ ਥਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚੋਂ ਹੁੰਦੇ ਹੋਏ ਲੋਕਾਂ ਨੂੰ ਸੁਰੱਖਿਅਤ ਰਹਿਣ ਦਾ ਸੁਨੇਹਾ ਦਿੱਤਾ ਜਾ ਰਿਹਾ ਸੀ ਕਿ ਤੁਹਾਡੀ ਸੁਰੱਖਿਆ ਲਈ ਪੁਲਿਸ 24 ਘੰਟੇ ਹਾਜ਼ਰ ਹੈ। ਇਸ ਮੌਕੇ ਐੱਸਐੱਚਓ ਸਿਟੀ ਭੁਪਿੰਦਰਜੀਤ ਸਿੰਘ, ਐੱਸਐੱਚਓ ਕੌਰ ਸਿੰਘ, ਥਾਣੇਦਾਰ ਮਲਕੀਤ ਸਿੰਘ ਆਦਿ ਹਾਜ਼ਰ ਸਨ।