ਪੁਲਿਸ ਨੇ ਕੈਫੇ, ਹੋਟਲਾਂ ਤੇ ਬੱਸ ਅੱਡੇ ’ਤੇ ਕੀਤੀ ਚੈਕਿੰਗ
ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ
Publish Date: Fri, 01 May 2026 06:01 PM (IST)
Updated Date: Sat, 02 May 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਤੇ ਅਪਰਾਧਕ ਸਰਗਰਮੀਆਂ ‘ਤੇ ਨਕੇਲ ਕੱਸਣ ਦੇ ਉਦੇਸ਼ ਨਾਲ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦੀ ਅਗਵਾਈ ਐੱਸਐੱਚਓ ਗੁਰਤੇਜ ਸਿੰਘ ਨੇ ਖੁਦ ਕੀਤੀ, ਜਿਨ੍ਹਾਂ ਦੀ ਦੇਖ ਰੇਖ ਹੇਠ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਸ਼ਹਿਰ ਦੇ ਅਹਿਮ ਤੇ ਸੰਵੇਦਨਸ਼ੀਲ ਇਲਾਕਿਆਂ ’ਚ ਇੱਕੋ ਸਮੇਂ ਚੈਕਿੰਗ ਕੀਤੀ। ਇਸ ਦੌਰਾਨ ਪੁਲਿਸ ਨੇ ਕੈਫ਼ਿਆਂ, ਹੋਟਲਾਂ, ਬੱਸ ਸਟੈਂਡ ਅਤੇ ਹੋਰ ਭੀੜਭਾੜ ਵਾਲੀਆਂ ਥਾਵਾਂ ‘ਤੇ ਅਚਾਨਕ ਛਾਪੇਮਾਰੀ ਕਰਕੇ ਉਥੇ ਮੌਜੂਦ ਲੋਕਾਂ ਦੀ ਜਾਂਚ ਕੀਤੀ। ਖਾਸ ਕਰਕੇ ਸ਼ੱਕੀ ਹਾਲਾਤ ‘ਚ ਘੁੰਮ ਰਹੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਪਛਾਣ ਦੀ ਤਸਦੀਕ ਕੀਤੀ ਗਈ ਤੇ ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ। ਕੁਝ ਥਾਵਾਂ ’ਤੇ ਰਿਕਾਰਡ ਵੀ ਚੈੱਕ ਕੀਤੇ ਗਏ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤ ਸਰਗਰਮੀ ਨੂੰ ਤੁਰੰਤ ਬੇਨਕਾਬ ਕੀਤਾ ਜਾ ਸਕੇ। ਪੁਲਿਸ ਸਰੋਤਾਂ ਮੁਤਾਬਕ ਇਹ ਸਰਚ ਅਭਿਆਨ ਪਹਿਲਾਂ ਤੋਂ ਤਿਆਰ ਕੀਤੀ ਯੋਜਨਾ ਅਨੁਸਾਰ ਚਲਾਇਆ ਸੀ, ਜਿਸ ਵਿੱਚ ਸ਼ਹਿਰ ਦੇ ਹਰ ਕੋਨੇ ‘ਤੇ ਨਿਗਰਾਨੀ ਰੱਖਣ ਲਈ ਵੱਖ-ਵੱਖ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਇਸ ਕਾਰਵਾਈ ਨਾਲ ਨਾ ਸਿਰਫ਼ ਅਪਰਾਧਿਕ ਤੱਤਾਂ ’ਚ ਹੜਕੰਪ ਮਚਿਆ, ਸਗੋਂ ਆਮ ਲੋਕਾਂ ਵਿਚ ਵੀ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਐੱਸਐੱਚਓ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਦਾ ਮੂਲ ਉਦੇਸ਼ ਸ਼ਹਿਰ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣਾ ਹੈ। ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸਰਚ ਅਭਿਆਨ ਲਗਾਤਾਰ ਜਾਰੀ ਰਹਿਣਗੇ ਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਜਾਂ ਸਰਗਰਮੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰ ਕੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਇਸ ਵੱਡੇ ਸਰਚ ਅਭਿਆਨ ਨੂੰ ਮਾਨਸਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਵੀ ਪੁਲਿਸ ਦੀ ਇਸ ਕਾਰਵਾਈ ਦੀ ਸਰਾਹਨਾ ਕੀਤੀ ਜਾ ਰਹੀ ਹੈ।