ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਮਾਨਸਾ ਪਿੰਡ ਦੇ ਪੁਰਾਤਨ ਸਾਂਝੇ ਖੂਹ ਵਾਲੀ ਥਾਂ 'ਤੇ ਉਸਰੇ ਧਾਰਮਿਕ ਸਥਾਨ ਵਾਲੀ ਜਗ੍ਹਾ ਨੂੰ ਛੇੜਣ ਦੀ ਕੋਸ਼ਿਸ਼ ਨਾ ਕਰੇ ਪੁਲਿਸ, ਨਹੀਂ ਸ਼ਹਿਰ ਤੇ ਮੁਹੱਲਾ ਵਾਸੀਆਂ ਨਾਲ ਮਿਲ ਕੇ ਕਿਸਾਨ ਜਥੇਬੰਦੀਆਂ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੀਆਂ।
ਇਹ ਸ਼ਬਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਮਾਨਸਾ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਹੇ। ਅੱਜ ਸ਼ਾਮ ਇਸ ਸਥਾਨ ਅਤੇ ਆਸ ਪਾਸ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸ਼ਰਧਾਲੂ ਔਰਤਾਂ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਹ ਖੂਹ ਮਾਨਸਾ ਪਿੰਡ ਦੇ ਸੌ ਸਾਲ ਤੋਂ ਵੱਧ ਪੁਰਾਣੇ ਖੂਹਾਂ ਵਿਚੋਂ ਇਕ ਸੀ, ਜੋ ਪਿੰਡ ਵਾਸੀਆਂ ਨੇ ਮਿਲ ਕੇ ਸ਼ਾਮਲਾਤ ਵਿੱਚ ਲਗਾਇਆ ਸੀ। ਕਰੀਬ 60-61 ਸਾਲ ਪਹਿਲਾਂ ਸ਼ਹਿਰ ਵਿੱਚ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਚਾਲੂ ਹੋਣ ਤੋਂ ਬਾਅਦ ਇਸ ਖੂਹ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਹ ਜਗ੍ਹਾ ਪਿੰਡ ਵਾਲਿਆਂ ਵਲੋਂ ਸੱਥ ਦੇ ਤੌਰ 'ਤੇ ਵਰਤਿਆ ਜਾਣ ਲੱਗਾ। ਇਸੇ ਕਰਕੇ ਇਹ ਚੁਗ਼ਲੀ ਘਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਕਰੀਬ 9 ਸਾਲ ਪਹਿਲਾਂ ਭਾਰੀ ਮੀਹਾਂ ਕਾਰਨ ਜਦੋਂ ਪਾਣੀ ਆਸ ਪਾਸ ਦੇ ਘਰਾਂ ਵਿੱਚ ਦਾਖ਼ਲ ਹੋਣ ਲੱਗਾ, ਤਾਂ ਅਚਾਨਕ ਇਹ ਪੁਰਾਣਾ ਖੂਹ ਮੁੜ ਖੁੱਲ੍ਹ ਗਿਆ ਅਤੇ ਦੂਰ ਤੱਕ ਇਕੱਠਾ ਹੋਇਆ ਮੀਂਹ ਦਾ ਪਾਣੀ ਇਹ ਖੂਹ ਆਪਣੇ ਅੰਦਰ ਖਿੱਚ ਗਿਆ। ਇਸ ਨੇ ਆਲੇ ਦੁਆਲੇ ਦੇ ਮੁਹੱਲਿਆਂ ਨੂੰ ਡੁੱਬਣ ਤੋਂ ਬਚਾਅ ਲਿਆ। ਉਸ ਪਿੱਛੋਂ ਹੀ ਲੋਕਾਂ ਨੇ ਇਸ ਜਗ੍ਹਾ ਨੂੰ ਖੁਆਜ਼ਾ ਵਜੋਂ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਢਾਲ ਬਾਸ਼ ਇਕੱਠੀ ਕਰਕੇ ਇਥੇ ਖ਼ੁਆਜਾ ਪੀਰ ਦਾ ਸ਼ਾਨਦਾਰ ਸਥਾਨ ਉਸਾਰ ਦਿੱਤਾ। ਪਰ ਹੁਣ ਇਕ ਸੁਆਰਥੀ ਧਨਾਢ ਟੱਬਰ ਨੇ ਕਾਨੂੰਨ ਨੂੰ ਗੁੰਮਰਾਹ ਕਰਕੇ ਚੋਰੀ ਚੋਰੀ ਅਦਾਲਤ ਤੋਂ ਇਸ ਸਥਾਨ ਨੂੰ ਢਾਹੁਣ ਦੇ ਹੁਕਮ ਲੈ ਲਏ, ਜਦੋਂ ਕਿ ਉਸ ਟੱਬਰ ਦਾ ਇਸ ਸਥਾਨ ‘ਤੇ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਹੈ। ਇਸ ਲਈ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਲੱਖੋਵਾਲ ਦੇ ਸੀਨੀਅਰ ਸੂਬਾਈ ਆਗੂ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਮਾਨਸਾ ਭਾਈਚਾਰਕ ਸਾਂਝ ਦੀ ਮਿਸਾਲ ਹੈ ਅਤੇ ਅਸੀਂ ਇਕ ਪਰਿਵਾਰ ਦੇ ਨਿੱਜੀ ਸੁਆਰਥ ਲਈ ਇਥੇ ਇਸ ਸਾਂਝ ਵਿੱਚ ਕੋਈ ਤਰੇੜ ਨਹੀਂ ਪੈਣ ਦੇਵਾਂਗੇ। ਜੇਕਰ ਪ੍ਰਸ਼ਾਸਨ ਟ੍ਰੈਫ਼ਿਕ ਵਿੱਚ ਰੁਕਾਵਟ ਦੀ ਦਲੀਲ ਦਿੰਦਾਂ ਹੈ, ਤਾਂ ਸਾਡੀ ਮੰਗ ਹੈ ਕਿ ਸਿਰਫ਼ ਇਕੋ ਧਾਰਮਿਕ ਜਗ੍ਹਾ ਨਹੀਂ, ਬਲਕਿ ਪੂਰ੍ਹੇ ਸ਼ਹਿਰ ਵਿਚੋਂ ਸੜਕਾਂ, ਗਲੀਆਂ ਤੇ ਸਾਂਝੀਆਂ ਥਾਵਾਂ ‘ਤੇ ਹੋਏ ਨਜਾਇਜ਼ ਕਬਜ਼ੇ ਹਟਾਏ ਜਾਣ। ਉਨ੍ਹਾਂ ਮੰਗ ਕੀਤੀ ਕਿ ਮਾਨ ਸਰਕਾਰ ਤੇ ਆਪ ਦੀ ਜ਼ਿਲ੍ਹਾ ਲੀਡਰਸ਼ਿਪ ਇਸ ਮਸਲੇ ਨੂੰ ਤੁਰੰਤ ਹੱਲ ਕਰੇ ਅਤੇ ਵਿਸਫੋਟ ਰੁੱਖ ਅਖਤਿਆਰ ਨਾ ਕਰਨ ਦੇਵੇ ।