ਨਿੱਜੀ ਸਫ਼ਾਈ ਤੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ
ਡੀਏਵੀ ਪਬਲਿਕ ਸਕੂਲ, ਮਾਨਸਾ ਵਿੱਚ ਛੇਵੀਂ
Publish Date: Thu, 14 May 2026 05:30 PM (IST)
Updated Date: Thu, 14 May 2026 05:33 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਛੇਵੀਂ ਤੇ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ‘ਪਰਸਨਲ ਹਾਈਜੀਨ ਐਂਡ ਕਲੀਨਲੀਨੈੱਸ’ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਗਰਲਜ਼ ਕੌਂਸਲ ਵੱਲੋਂ ਕੀਤਾ ਗਿਆ। ਸੈਮੀਨਾਰ ਦਾ ਮਕਸਦ ਵਿਦਿਆਰਥਣਾਂ ਨੂੰ ਨਿੱਜੀ ਸਫ਼ਾਈ, ਸਿਹਤ ਅਤੇ ਰੋਜ਼ਾਨਾ ਜੀਵਨ ਵਿੱਚ ਸਾਫ਼ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਅਧਿਆਪਕਾ ਰਮਨਦੀਪ ਕੌਰ ਅਤੇ ਸਕੂਲ ਨਰਸ ਜਸਵੀਰ ਕੌਰ ਨੇ ਵਿਦਿਆਰਥਣਾਂ ਨੂੰ ਨਿੱਜੀ ਸਫ਼ਾਈ ਅਤੇ ਸਿਹਤ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਰਸਨਲ ਹਾਈਜੀਨ ਕੀ ਹੈ ਅਤੇ ਤੰਦਰੁਸਤ ਜੀਵਨ ਲਈ ਇਸ ਦਾ ਪਾਲਣ ਕਿਉਂ ਜ਼ਰੂਰੀ ਹੈ। ਖ਼ਾਸ ਤੌਰ ’ਤੇ ਬਾਲਿਕਾਵਾਂ ਲਈ ਸੈਲਫ ਕੇਅਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਗੀਆਂ ਸਫ਼ਾਈ ਆਦਤਾਂ ਨਾ ਸਿਰਫ਼ ਬਿਮਾਰੀਆਂ ਤੋਂ ਬਚਾਉਂਦੀਆਂ ਹਨ, ਸਗੋਂ ਆਤਮਵਿਸ਼ਵਾਸ ਵੀ ਵਧਾਉਂਦੀਆਂ ਹਨ। ਸੈਮੀਨਾਰ ਦੌਰਾਨ “ਡੇਲੀ ਹਾਈਜੀਨ ਚੈੱਕਲਿਸਟ” ਰਾਹੀਂ ਵਿਦਿਆਰਥਣਾਂ ਨੂੰ ਰੋਜ਼ਾਨਾ ਦੀਆਂ ਸੈਲਫ ਕੇਅਰ ਆਦਤਾਂ ਬਾਰੇ ਜਾਣੂ ਕਰਵਾਇਆ ਗਿਆ। ਮਾਰਨਿੰਗ ਰੂਟੀਨ, ਸਹੀ ਤਰੀਕੇ ਨਾਲ ਹੱਥ ਧੋਣ ਦੀ ਆਦਤ, ਵਾਲਾਂ, ਨੱਖਾਂ ਅਤੇ ਪੈਰਾਂ ਦੀ ਦੇਖਭਾਲ, ਸਾਫ਼ ਕੱਪੜੇ ਪਹਿਨਣ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖਣ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਇਸ ਤੋਂ ਇਲਾਵਾ ਮਾਸਿਕ ਧਰਮ ਦੌਰਾਨ ਸਫ਼ਾਈ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਵਿਦਿਆਰਥਣਾਂ ਨੂੰ ਪੌਸ਼ਟਿਕ ਭੋਜਨ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਰਿਹਾ। ਸਕੂਲ ਪ੍ਰਿੰਸੀਪਲ ਨੇ ਗਰਲਜ਼ ਕੌਂਸਲ ਅਤੇ ਪ੍ਰੋਗਰਾਮ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਨੂੰ ਨਿੱਜੀ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।