ਕਬਾੜ ਦੇ ਖੁੱਲ੍ਹੇ ਗੁਦਾਮ ਕਾਰਨ ਲੋਕ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ
ਸਥਾਨਕ ਬਰਨਾਲਾ ਰੋਡ ਤੇ ਰਿਹਾਇਸ਼ੀ
Publish Date: Tue, 05 May 2026 05:56 PM (IST)
Updated Date: Wed, 06 May 2026 04:08 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਥਾਨਕ ਬਰਨਾਲਾ ਰੋਡ ਤੇ ਰਿਹਾਇਸ਼ੀ ਇਲਾਕੇ ਵਿਚ ਬਣੇ ਕਬਾੜ ਦੇ ਇੱਕ ਖੁੱਲ੍ਹੇ ਗੋਦਾਮ ਵਿੱਚ ਕਈ ਸਾਲਾਂ ਤੋਂ ਜਮ੍ਹਾਂ ਕੀਤੇ ਗਏ ਪਲਾਸਟਿਕ ਤੇ ਹੋਰ ਕਬਾੜ ਨਾਲ ਆਲੇ ਦੁਆਲੇ ਦੇ ਵਸਨੀਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਪ੍ਰਸ਼ੋਤਮ ਮੱਤੀ, ਸੁਰਿੰਦਰ ਸ਼ਿੰਦਾ ਕੋਟਦੁੰਨੇ ਵਾਲੇ, ਹਰੀਸ਼ ਗੋਇਲ, ਪੰਕੁਸ਼ ਕੁਮਾਰ, ਰਵਿੰਦਰ ਕੁਮਾਰ, ਸੁਭਾਸ਼ ਮਿੱਤਲ, ਦੀਪਕ ਮੀਨਾ, ਵਿਕਾਸ ਗਰਗ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਗੁਦਾਮ ’ਚ ਪਲਾਸਟਿਕ, ਫ਼ਰਿੱਜ਼, ਕੂਲਰ ਆਦਿ ਕਬਾੜ ਟਨਾਂ ਦੀ ਮਾਤਰਾ ਵਿੱਚ ਜਮ੍ਹਾਂ ਕੀਤਾ ਹੋਇਆ ਹੈ, ਜਿਸ ਕਾਰਨ ਇੱਥੇ ਹਰ ਸਮੇਂ ਮੱਛਰ, ਜ਼ਹਿਰੀਲੇ ਕੀਟ ਅਤੇ ਹੋਰ ਜਾਨਵਰ ਪੈਦਾ ਹੋ ਰਹੇ ਹਨ। ਉਹ ਬਿਮਾਰੀਆਂ ਪੈਦਾ ਕਰਨ ਦੇ ਨਾਲ-ਨਾਲ ਇੱਥੋਂ ਦੇ ਵਸਨੀਕਾਂ ਲਈ ਜਾਨਲੇਵਾ ਸਿੱਧ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੁੱਲ੍ਹੇ ਗੁਦਾਮ ਕਾਰਨ 50 ਤੋਂ ਵੱਧ ਪਰਿਵਾਰ ਹਰ ਸਾਲ ਡੇਂਗੂ, ਚਿਕਨਗੁਨੀਆ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਆ ਜਾਂਦੇ ਹਨ ਤੇ ਸਾਡਾ ਲੱਖਾਂ ਰੁਪਿਆ ਹਰ ਸਾਲ ਇਨ੍ਹਾਂ ਜਾਨਲੇਵਾ ਬਿਮਾਰੀਆਂ ਦੇ ਇਲਾਜ ਤੇ ਖਰਚ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਆਲੇ ਦੁਆਲੇ ਦੇ ਲੋਕਾ ਖੌਫ਼ ਦੇ ਸਾਏ ਹੇਠ ਜ਼ਿੰਦਗੀ ਜਿਉਂ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੁੱਲ੍ਹੇ ਗੋਦਾਮ ਵਿੱਚ ਦਿਨੋ-ਦਿਨ ਇਹ ਪਲਾਸਟਿਕ ਦੇ ਕਬਾੜ ਦਾ ਪਹਾੜ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਵਾਰ-ਵਾਰ ਬੇਨਤੀ ਕਰਨ ਬਾਅਦ ਵੀ ਇਸ ਕਬਾੜ ਨੂੰ ਚੁੱਕਿਆ ਨਹੀਂ ਜਾ ਰਿਹਾ। ਮੀਂਹ ਦੌਰਾਨ ਇਸ ਕਬਾੜ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਤੇ ਡੇਂਗੂ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ। ਵਸਨੀਕਾਂ ਨੇ ਦਸਿਆ ਕਿ ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗਾਂ ਨੂੰ ਵੀ ਜਾਣੂ ਕਰਵਾ ਚੁੱਕੇ ਹਾਂ ਅਤੇ ਪਿਛਲੇ ਸਮੇਂ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਵੀ ਇਸ ਗੋਦਾਮ ਦਾ ਦੌਰਾ ਕੀਤਾ ਸੀ। ਟੀਮ ਨੂੰ ਇਥੋਂ ਡੇਂਗੂ ਦਾ ਲਾਰਵਾ ਵੀ ਮਿਲਿਆ ਸੀ, ਪਰ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਸਬੰਧੀ ਸੀਐਮ ਪੋਰਟਲ ਤੇ ਆਨਲਾਈਨ ਸ਼ਿਕਾਇਤ ਵੀ ਕੀਤੀ ਹੋਈ ਹੈ ਜੌ ਅਰਬਨ ਲੋਕਲ ਬਾਡੀਜ਼ ਨੂੰ ਕਾਰਵਾਈ ਹਿੱਤ ਭੇਜੀ ਗਈ ਸੀ। ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਇਸ ਸਬੰਧੀ ਕਬਾੜ ਮਾਲਕਾਂ ਨੂੰ ਗੋਦਾਮ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਹੈ ਤੇ ਉਨ੍ਹਾਂ ਨੇ ਕਬਾੜ ਚੁੱਕਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ ਤੇ ਜਲਦੀ ਹੀ ਇਹ ਕਬਾੜ ਇਥੋਂ ਚੁਕਵਾ ਦਿੱਤਾ ਜਾਵੇਗਾ।