ਬੈਂਕਾਂ ’ਚੋਂ ਨਕਦੀ ਨਾ ਮਿਲਣ ਕਾਰਨ ਲੋਕ ਪਰੇਸ਼ਾਨ
ਸਰਦੂਲਗੜ੍ਹ ਦੇ ਬੈਂਕਾਂ ਵਿੱਚ ਲੋਕਾਂ ਨੂੰ ਕੈਸ਼ ਨਾ ਮਿਲਣ ਕਾਰਨ
Publish Date: Tue, 12 May 2026 06:42 PM (IST)
Updated Date: Wed, 13 May 2026 04:09 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਬੈਂਕਾਂ ਵਿੱਚ ਲੋਕਾਂ ਨੂੰ ਕੈਸ਼ ਨਾ ਮਿਲਣ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਵਿੱਚ ਆਏ ਕੁਝ ਕਿਸਾਨ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਬੈਂਕ ਵਿੱਚ ਨਗਦੀ ਲੈਣ ਲਈ ਚੱਕਰ ਕੱਟ ਰਹੇ ਹਨ , ਨਗਦੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਨ੍ਹਾਂ ਨੂੰ ਇਹ ਕਹਿ ਕੇ ਮੋੜਿਆ ਜਾ ਰਿਹਾ ਹੈ ਕਿ ਬੈਂਕ ਵਿੱਚ ਪਿੱਛੋਂ ਕੈਸ਼ ਨਹੀਂ ਆ ਰਿਹਾ। ਇਸ ਸਬੰਧੀ ਜਦੋਂ ਭਾਰਤੀ ਸਟੇਟ ਬੈਂਕ ਦੇ ਮੈਨੇਜਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੈਸ਼ ਪਿੱਛੋਂ ਹੀ ਬਹੁਤ ਘੱਟ ਆ ਰਿਹਾ ਹੈ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ ਜਿੰਨਾ ਕੈਸ਼ ਆ ਰਿਹਾ ਹੈ। ਉਸ ਨੂੰ ਵੰਡਿਆ ਜਾ ਰਿਹਾ ਹੈ। ਇਸ ਨਾਲ ਛੋਟੀਆਂ ਪੇਮੈਂਟਾਂ ਤਾਂ ਹੋ ਰਹੀਆਂ ਹਨ ਪਰ ਵੱਡੀਆਂ ਪੇਮੈਂਟਾਂ ਕਰਨ ਵਿੱਚ ਦਿੱਕਤ ਆ ਰਹੀ ਹੈ, ਜਦ ਮੈਨੇਜਰ ਸਾਹਿਬ ਨੂੰ ਪੁੱਛਿਆ ਕਿ ਇਹ ਸਮੱਸਿਆ ਕਦੋਂ ਤੱਕ ਸਮਾਪਤ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਸਮੱਸਿਆ ਇਕੱਲੀ ਕਿਸੇ ਇੱਕ ਬੈਂਕ ਦੀ ਨਹੀਂ ਹੈ, ਸਗੋਂ ਸਾਰੇ ਬੈਂਕਾਂ ਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਲੋਕਾਂ ਨੂੰ ਬੈਂਕਾਂ ਵਿੱਚ ਨਗਦੀ ਮਿਲਣੀ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਹੱਲ ਹੋਵੇਗਾ ਜਾਂ ਫ਼ਿਰ ਇਹ ਸਮੱਸਿਆ ਇਸੇ ਤਰ੍ਹਾਂ ਹੀ ਬਣੀ ਰਹੇਗੀ।