ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨਾਲ ਲੋਕਾਂ ’ਚ ਨਿਰਾਸ਼ਾ
ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ
Publish Date: Fri, 15 May 2026 07:31 PM (IST)
Updated Date: Sat, 16 May 2026 04:12 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਇਕ ਵਾਰ ਫ਼ਿਰ ਆਮ ਲੋਕਾਂ ਦੇ ਬਜਟ ਨੂੰ ਝਟਕਾ ਦਿੱਤਾ ਹੈ। ਕੀਮਤਾਂ ਵਿੱਚ ਹੋਏ ਵਾਧੇ ਕਾਰਨ ਲੋਕਾਂ ਵਿੱਚ ਚਿੰਤਾ ਅਤੇ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਮਹਿੰਗਾ ਹੋਣ ਨਾਲ ਹਰ ਚੀਜ਼ ਦੇ ਭਾਅ ਵਧਣ ਦੀ ਸੰਭਾਵਨਾ ਬਣ ਗਈ ਹੈ, ਜਿਸਦਾ ਸਿੱਧਾ ਅਸਰ ਕਿਸਾਨੀ ਤੇ ਆਮ ਪਰਿਵਾਰਾਂ ਦੀ ਜ਼ਿੰਦਗੀ ‘ਤੇ ਪਵੇਗਾ। ਸ਼ਹਿਰ ਤੇ ਪਿੰਡਾਂ ਵਿੱਚ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਕਿ ਪਹਿਲਾਂ ਹੀ ਘਰੇਲੂ ਖਰਚੇ ਬਹੁਤ ਵਧ ਚੁੱਕੇ ਹਨ ਤੇ ਹੁਣ ਹੋਰ ਵਧੀਆਂ ਕੀਮਤਾਂ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਕੁਝ ਲੋਕਾਂ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਮਹਿੰਗਾ ਹੋਣ ਨਾਲ ਟਰਾਂਸਪੋਰਟ ਦਾ ਖਰਚਾ ਵਧੇਗਾ, ਜਿਸ ਕਾਰਨ ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਸਬਜ਼ੀਆਂ, ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਦੇ ਭਾਅ ਵੀ ਵਧ ਜਾਣਗੇ। ਚਮਕੌਰ ਸਿੰਘ ਨੇ ਦੱਸਿਆ ਕਿ ਸਾਡਾ ਘਰੇਲੂ ਬਜਟ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ, ਪਰ ਹੁਣ ਪੈਟਰੋਲ, ਡੀਜ਼ਲ ਦੇ ਰੇਟ ਵਧਣ ਨਾਲ ਘਰ ਦਾ ਖਰਚਾ ਸੰਭਾਲਣਾ ਔਖਾ ਹੋ ਜਾਵੇਗਾ ਕਿਉਂਕਿ ਪੈਟਰੋਲ ਤੇ ਡੀਜ਼ਲ ਇੱਕ ਅਜਿਹੀ ਰੋਜ਼ਾਨਾ ਵਰਤੋਂ ਦੀ ਚੀਜ਼ ਹੈ, ਜਿਸ ਦੇ ਮਹਿੰਗਾ ਹੋਣ ਨਾਲ ਸਾਰੀ ਚੀਜ਼ਾਂ ਦੇ ਭਾਅ ਵਿੱਚ ਅਸਰ ਵੇਖਣ ਨੂੰ ਮਿਲਦਾ ਹੈ। ਘਰਾਂ ਦੇ ਬਜਟ ਤਾਂ ਪਹਿਲਾਂ ਹੀ ਇੰਨ੍ਹੀ ਮਹਿੰਗਾਈ ਵਿੱਚ ਹਿੱਲੇ ਪਏ ਹਨ। ਦੂਜਾ ਪੈਟਰੋਲ, ਡੀਜ਼ਲ ਦੇ ਰੇਟ ਵਧਣ ਕਰਕੇ ਰੋਜ਼ਮਰਾ ਦੀ ਚੀਜ਼ਾਂ ਵਿੱਚ ਵੀ ਮਹਿੰਗਾਈ ਵੇਖਣ ਨੂੰ ਮਿਲੇਗੀ। ਜਰਨੈਲ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੇ ਭਾਅ ਇੰਨ੍ਹੇ ਨਹੀਂ ਵੱਧਦੇ, ਪੈਟਰੋਲ ਤੇ ਡੀਜ਼ਲ ਦੇ ਵਧਦੇ ਰਹਿੰਦੇ ਹਨ। ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ, ਜਦ ਡੀਜ਼ਲ ਦੇ ਰੇਟ ਵਧਦੇ ਹਨ ਤਾਂ ਫ਼ਸਲ ਦੀ ਵਹਾਈ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਟ੍ਰੈਕਟਰ ਨੇ ਡੀਜ਼ਲ ਤੇ ਚੱਲਣਾ ਹੁੰਦਾ ਹੈ ਜਦੋਂ ਰੇਟ ਵੱਧ ਜਾਣ ਤਾਂ ਟ੍ਰੈਕਟਰ ਦੀ ਵਹਾਈ ਵਧਾਉਣੀ ਹੀ ਪੈਂਦੀ ਹੈ। ਕਿਸਾਨ ਤਾਂ ਪਹਿਲਾਂ ਹੀ ਬਹੁਤ ਮੁਸ਼ਕਿਲ ਵਿੱਚ ਹਨ। ਉਪਰੋਂ ਰੇਟ ਵਧਣ ਕਰਕੇ ਹੋਰ ਵੀ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਮ ਜਨਤਾ ਨੂੰ ਰਾਹਤ ਦੇਣ ਲਈ ਈਂਧਨ ਦੀਆਂ ਕੀਮਤਾਂ ‘ਤੇ ਕੰਟਰੋਲ ਕੀਤਾ ਜਾਵੇ। ਜੇਕਰ ਮਹਿੰਗਾਈ ਇਸੇ ਤਰ੍ਹਾਂ ਵਧਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਲਈ ਜੀਵਨ ਬਸਰ ਕਰਨਾ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ।