ਓਮ ਸਨਜ਼ ਫੈਕਟਰੀ ਵੱਲੋਂ ਕਿਸਾਨਾਂ ਨੂੰ ਮੁਫ਼ਤ ਰਾਖ ਦੀ ਵੰਡ
ਉਦਯੋਗਿਕ ਇਕਾਈ ‘ਓਮ ਸਨਜ਼ ਫੈਕਟਰੀ’ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਫੈਕਟਰੀ ਪ੍ਰਬੰਧਕਾਂ ਵੱਲੋਂ ਪਲਾਂਟ ਵਿੱਚੋਂ ਨਿਕਲਣ ਵਾਲੀ ਸਵਾਹ (ਰਾਖ) ਨੇੜਲੇ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
Publish Date: Thu, 28 May 2026 06:24 PM (IST)
Updated Date: Thu, 28 May 2026 06:25 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਉਦਯੋਗਿਕ ਇਕਾਈ ‘ਓਮ ਸਨਜ਼ ਫੈਕਟਰੀ’ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਫੈਕਟਰੀ ਪ੍ਰਬੰਧਕਾਂ ਵੱਲੋਂ ਪਲਾਂਟ ਵਿੱਚੋਂ ਨਿਕਲਣ ਵਾਲੀ ਸਵਾਹ (ਰਾਖ) ਨੇੜਲੇ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੁਨੇਵਾਲਾ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਰਾਖ ਜ਼ਮੀਨ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਕਿਸਾਨ ਸੁਰਜੀਤ ਸਿੰਘ ਮੁਤਾਬਕ, ਇਸ ਸਵਾਹ ਨੂੰ ਖੇਤਾਂ ਵਿੱਚ ਪਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਵਧਦੀ ਹੈ। ਖਾਸ ਕਰਕੇ ਝੋਨੇ ਦੀ ਪਨੀਰੀ ਬੀਜਣ ਵਿੱਚ ਇਹ ਰਾਖ ਬਹੁਤ ਸਹਾਇਕ ਸਾਬਤ ਹੁੰਦੀ ਹੈ, ਜਿਸ ਨਾਲ ਪਨੀਰੀ ਬਹੁਤ ਜਲਦੀ ਉਭਰ ਕੇ ਤਿਆਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨੇੜੇ-ਤੇੜੇ ਦੇ ਸਾਰੇ ਪਿੰਡਾਂ ਦੇ ਕਿਸਾਨ ਹਰ ਸਾਲ ਇਸ ਫੈਕਟਰੀ ਵਿੱਚੋਂ ਰਾਖ ਲੈ ਕੇ ਜਾਂਦੇ ਹਨ। ਕਿਸਾਨਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਫੈਕਟਰੀ ਦੇ ਚਾਰ ਪ੍ਰਮੁੱਖ ਵਿਭਾਗਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜੋ ਖੁਦ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਇਹ ਸਵਾਹ ਮੁਹੱਈਆ ਕਰਵਾ ਰਹੇ ਹਨ। ਦੂਜੇ ਪਾਸੇ ਫੈਕਟਰੀ ਪ੍ਰੈਜੀਡੈਂਟ ਆਰਡੀ ਅਗਰਵਾਲ, ਅੰਕਰ ਸੇਠੀ ਮੈਨੇਜਰ, ਬਲਵੰਤ ਸਿੰਘ ਗਿੱਲ ਐਚਆਰ ,ਗੁਰਵਿੰਦਰ ਸਿੰਘ ਢਿੱਲੋ ਡਾਇਰੈਕਟਰ, ਧਰਮਪਾਲ ਸ਼ਰਮਾ ਵੱਲੋਂ ਪਿੰਡਾਂ ਦੇ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਜਿੱਥੇ ਕਿਸਾਨਾਂ ਦੇ ਵਿਚਾਰ ਅਤੇ ਮੁਸ਼ਕਿਲਾਂ ਸੁਣੀਆਂ ਗਈਆਂ, ਉੱਥੇ ਹੀ ਉਨ੍ਹਾਂ ਨੂੰ ਮਿੱਟੀ ਦੀ ਗੁਣਵੱਤਾ ਸੁਧਾਰਨ ਲਈ ਸਵਾਹ ਦੀ ਸਹੀ ਵਰਤੋਂ ਬਾਰੇ ਤਕਨੀਕੀ ਸਲਾਹ ਦਿੱਤੀ ਗਈ। ਮੈਨੇਜਰ ਗਿੱਲ ਨੇ ਦੱਸਿਆ ਕਿ ਸਵਾਹ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਤਾਕਤ ਵਧਦੀ ਹੈ। ਫੈਕਟਰੀ ਦੀ ਇਸ ਮੁਹਿੰਮ ਕਾਰਨ ਹੁਣ ਕਿਸਾਨ ਵੀਰਾਂ ਵੱਲੋਂ ਫ਼ਸਲਾਂ ਦੇ ਵਧੀਆ ਉਤਪਾਦਨ ਲਈ ਇਸ ਮੁਫ਼ਤ ਸਵਾਹ ਦੀ ਮੰਗ ਅਤੇ ਵਰਤੋਂ ਬਹੁਤ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।