ਹਿਤਾਰਥ ਸਿਸੋਦੀਆ 98.6 ਫ਼ੀਸਦੀ ਅੰਕ ਲੈ ਕੇ ਅੱਵਲ
ਦ ਸੰਸਕਾਰ ਸਕੂਲ ਤਲਵੰਡੀ ਸਾਬੋ ਦਾ ਸੀਬੀਐਸਈ ਦਸਵੀਂ ਦਾ ਨਤੀਜਾ ਬੇਮਿਸਾਲ
Publish Date: Sat, 18 Apr 2026 07:29 PM (IST)
Updated Date: Sun, 19 Apr 2026 04:15 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਸੀਬੀਐਸਈ ਵੱਲੋਂ 15 ਅਪ੍ਰੈਲ 2026 ਨੂੰ ਐਲਾਨੇ ਗਏ ਦਸਵੀਂ ਦੇ ਸਾਲਾਨਾ ਨਤੀਜਿਆਂ ਵਿੱਚ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ‘ਦ ਸੰਸਕਾਰ ਸਕੂਲ’, ਤਲਵੰਡੀ ਸਾਬੋ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਸਕੂਲ ਦੇ ਵਿਦਿਆਰਥੀਆਂ ਨੇ ਲਗਨ, ਮਿਹਨਤ ਤੇ ਅਧਿਆਪਕਾਂ ਦੇ ਸੁਚੱਜੇ ਮਾਰਗਦਰਸ਼ਨ ਹੇਠ ਬੇਹਤਰੀਨ ਨਤੀਜੇ ਹਾਸਲ ਕੀਤੇ। ਵਿਦਿਆਰਥੀ ਹਿਤਾਰਥ ਸਿਸੋਦੀਆ ਨੇ 98.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਗਣਿਤ ਤੇ ਆਈਟੀ ਵਿਸ਼ਿਆਂ ਵਿੱਚ ਪੂਰੇ 100 ਵਿੱਚੋਂ 100 ਅੰਕ ਲੈ ਕੇ ਆਪਣੀ ਯੋਗਤਾ ਦਾ ਪ੍ਰਮਾਣ ਦਿੱਤਾ। ਵਿਦਿਆਰਥੀਆਂ ਨੇ ਵੀ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ। ਵੰਸ਼ ਬਾਂਸਲ ਨੇ 95 ਫ਼ੀਸਦੀ ਅੰਕ ਹਾਸਲ ਕੀਤੇ, ਜਦਕਿ ਤਾਜਮੀਨ ਕੌਰ ਨੇ 92.6 ਫ਼ੀਸਦੀ ਅੰਕ ਪ੍ਰਾਪਤ ਕੀਤੇ। ਤਾਜਮੀਨ ਕੌਰ ਨੇ ਪੰਜਾਬੀ ਵਿਸ਼ੇ ਵਿੱਚ ਪੂਰੇ 100 ਵਿੱਚੋਂ 100 ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਮੈਡਮ ਨਿਮਰਤ ਸਿੱਧੂ ਤੇ ਪ੍ਰਿੰਸੀਪਲ ਮੈਡਮ ਦੀਪਿਕਾ ਕਪੂਰ ਨੇ ਇਸ ਸ਼ਾਨਦਾਰ ਨਤੀਜੇ ‘ਤੇ ਖੁਸ਼ੀ ਪ੍ਰਗਟ ਕੀਤੀ। ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਤੇ ਸਕੂਲ ਦੇ ਅਨੁਸ਼ਾਸਿਤ ਮਾਹੌਲ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਸਕੂਲ ਦੀ ਉੱਤਮ ਵਿਦਿਅਕ ਪਰੰਪਰਾ ਹੋਰ ਮਜ਼ਬੂਤ ਹੋਈ ਹੈ। ਸਕੂਲ ਪ੍ਰਬੰਧਨ ਨੇ ਆਸ ਜਤਾਈ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚ ਕੋਟੀ ਦੇ ਨਤੀਜੇ ਹਾਸਲ ਕਰਦੇ ਰਹਿਣਗੇ ਅਤੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨਗੇ।