ਪੈਸਿਆਂ ਦੇ ਵਿਵਾਦ ਕਾਰਨ ਨੌਜਵਾਨ ਪਾਣੀ ਦੀ ਟੈਂਕੀ ’ਤੇ ਚੜ੍ਹਿਆ
news from bti news from bti news from bti
Publish Date: Tue, 12 May 2026 07:56 PM (IST)
Updated Date: Wed, 13 May 2026 04:10 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ :
ਇੱਥੋਂ ਨੇੜਲੇ ਪਿੰਡ ਚਾਉਕੇ ’ਚ ਜ਼ਮੀਨ ਦੇ ਗਹਿਣੇ ਤੇ ਠੇਕੇ ਦੇ ਪੈਸਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਇਕ ਨੌਜਵਾਨ ਵੱਲੋਂ ਨਿਆਂ ਦੀ ਮੰਗ ਕਰਦੇ ਹੋਏ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਕੋਲ ਪੈਟਰੋਲ ਦੀ ਬੋਤਲ ਵੀ ਹੈ, ਜਿਸ ਕਾਰਨ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਮੌਕੇ ’ਤੇ ਪੁੱਜ ਕੇ ਨੌਜਵਾਨ ਨਾਲ ਗੱਲ ਸ਼ੁਰੂ ਕੀਤੀ। ਟੈਂਕੀ ’ਤੇ ਚੜ੍ਹੇ ਨੌਜਵਾਨ ਦੀ ਪਛਾਣ ਰਾਜਵੀਰ ਸਿੰਘ ਰਾਜੂ ਵਾਸੀ ਚਾਉਕੇ ਵਜੋਂ ਹੋਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ’ਚ ਰਾਜਵੀਰ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਪੀਰਕੋਟ ਨਿਵਾਸੀ ਸਿਕੰਦਰ ਸਿੰਘ ਤੋਂ ਕਰੀਬ ਤਿੰਨ ਏਕੜ ਜ਼ਮੀਨ ਗਹਿਣੇ ਲਈ ਹੋਈ ਸੀ, ਜਿਸਨੂੰ ਉਸੇ ਵਿਅਕਤੀ ਵੱਲੋਂ ਠੇਕੇ ’ਤੇ ਰੱਖਿਆ ਸੀ। ਉਸਦਾ ਦੋਸ਼ ਹੈ ਕਿ ਨਵੰਬਰ 2025 ਤੋਂ ਬਾਅਦ ਉਸਨੂੰ ਜ਼ਮੀਨ ਦੇ ਠੇਕੇ ਦੀ ਕਿਸ਼ਤ ਨਹੀਂ ਦਿੱਤੀ ਗਈ ਤੇ ਨਾ ਹੀ ਗਹਿਣੇ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਰਾਜਵੀਰ ਸਿੰਘ ਅਨੁਸਾਰ ਇਸ ਸਬੰਧੀ ਉਸਨੇ ਕੁਝ ਦਿਨ ਪਹਿਲਾਂ ਪੁਲਿਸ ਚੌਕੀ ਚਾਉਕੇ ਵਿਖੇ ਸ਼ਿਕਾਇਤ ਵੀ ਦਿੱਤੀ ਸੀ, ਪਰ ਕੋਈ ਕਾਰਵਾਈ ਨਾ ਹੋਣ ’ਤੇ ਮਜਬੂਰਨ ਉਸਨੂੰ ਇਹ ਕਦਮ ਚੁੱਕਣਾ ਪਿਆ। ਉਸਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਉਸਨੂੰ ਨਿਆਂ ਨਹੀਂ ਮਿਲਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰੇਗਾ।
ਦੂਜੇ ਪਾਸੇ, ਪੁਲਿਸ ਚੌਕੀ ਚਾਉਕੇ ਦੇ ਇੰਚਾਰਜ ਗੁਰਸੇਵਕ ਸਿੰਘ ਰੰਧਾਵਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਵਿਵਾਦ ਜ਼ਮੀਨ ਦੇ ਗਹਿਣੇ ਅਤੇ ਠੇਕੇ ਦੇ ਪੈਸਿਆਂ ਨਾਲ ਸੰਬੰਧਿਤ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਨੂੰ ਵੀ ਪੁਲਿਸ ਚੌਕੀ ਬੁਲਾ ਲਿਆ ਗਿਆ ਹੈ ਅਤੇ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਜਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਇਸ ਮਾਮਲੇ ਵਿੱਚ ਸਿਕੰਦਰ ਸਿੰਘ ਵਾਸੀ ਪੀਰਕੋਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਖ਼ਬਰ ਲਿਖੇ ਜਾਣ ਤੱਕ ਰਾਜਵੀਰ ਸਿੰਘ ਰਾਜੂ ਟੈਂਕੀ ‘ਤੇ ਚੜ੍ਹਿਆ ਹੋਇਆ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਸੀ।