ਭੁੱਚੋ ਮੰਡੀ ਇਲਾਕੇ ਦੇ ਕਈ ਪਿੰਡਾਂ ’ਚ ਗੜਿਆਂ ਸਮੇਤ ਮੀਂਹ, ਤੇਜ਼ ਹਨੇਰੀ ਨਾਲ ਮੌਸਮ ਹੋਇਆ ਸੁਹਾਵਣਾ
ਭੁੱਚੋ ਮੰਡੀ ਦੇ ਨਾਲ ਲੱਗਦੇ ਪਿੰਡ ਤੁੰਗਵਾਲੀ, ਚੱਕ ਫਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਬਖਤੂ ਵਿੱਚ ਵੀਰਵਾਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈਂਦੇ ਹੋਏ ਗੜਿਆਂ ਸਮੇਤ ਤੇਜ਼ ਮੀਂਹ ਪਿਆ।
Publish Date: Thu, 28 May 2026 08:37 PM (IST)
Updated Date: Thu, 28 May 2026 08:40 PM (IST)

ਹਰਮੇਲ ਸਗਰ, ਪੰਜਾਬੀ ਜਾਗਰਣ ਭੁੱਚੋ ਮੰਡੀ : ਭੁੱਚੋ ਮੰਡੀ ਦੇ ਨਾਲ ਲੱਗਦੇ ਪਿੰਡ ਤੁੰਗਵਾਲੀ, ਚੱਕ ਫਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਬਖਤੂ ਵਿੱਚ ਵੀਰਵਾਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈਂਦੇ ਹੋਏ ਗੜਿਆਂ ਸਮੇਤ ਤੇਜ਼ ਮੀਂਹ ਪਿਆ। ਇਸ ਦੌਰਾਨ ਤੇਜ਼ ਹਨੇਰੀ ਚੱਲਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਕਈ ਥਾਵਾਂ ’ਤੇ ਦਰੱਖਤਾਂ ਦੀਆਂ ਟਾਹਣੀਆਂ ਟੁੱਟ ਕੇ ਸੜਕਾਂ ’ਤੇ ਵੀ ਆ ਡਿੱਗੀਆਂ। ਹਾਲਾਂਕਿ ਭਿਆਨਕ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ। ਸ਼ਾਮ ਦੇ ਸਮੇਂ ਅਚਾਨਕ ਆਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਕੁਝ ਹੀ ਸਮੇਂ ਵਿੱਚ ਤੇਜ਼ ਧੂੜ ਭਰੀ ਹਨੇਰੀ ਚੱਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਗੜਿਆਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਤੇਜ਼ ਹਨੇਰੀ ਕਾਰਨ ਬਿਜਲੀ ਸਪਲਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਰਹੀ। ਕਈ ਪਿੰਡਾਂ ਵਿੱਚ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਅਤੇ ਹਨੇਰੀ ਦੌਰਾਨ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ ਗਏ ਅਤੇ ਬਾਜ਼ਾਰਾਂ ਵਿੱਚ ਵੀ ਚਲਹਲ ਪੂਰੀ ਤਰ੍ਹਾਂ ਘੱਟ ਗਈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਗੜੇਮਾਰੀ ਅਤੇ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ। ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਸੀ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਜਾਰੀ ਰਹਿ ਸਕਦਾ ਹੈ।