ਅੱਗ ਲੱਗਣ ਨਾਲ ਦੋ ਮੈਡੀਕਲ ਸਟੋਰਾਂ ’ਚ ਲੱਖਾਂ ਦੀਆਂ ਦਵਾਈਆਂ ਸੜ ਕੇ ਸੁਆਹ
news from Bathinda news from Bathinda
Publish Date: Sun, 24 May 2026 07:32 PM (IST)
Updated Date: Mon, 25 May 2026 04:13 AM (IST)

ਖ਼ੁਸ਼ਦੀਪ ਸਿੰਘ ਗਿੱਲ, ਤਲਵੰਡੀ ਸਾਬੋ : ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਅੱਜ ਬਾਅਦ ਦੁਪਹਿਰੇ ਇੱਕ ਮਾਰਕਿਟ ਚ ਅਚਾਨਕ ਅੱਗ ਲੱਗਣ ਨਾਲ ਹੜਕੰਪ ਮੱਚ ਗਿਆ ਜਦੋਂਕਿ ਅੱਗ ਦੀ ਲਪੇਟ ਚ ਦੋ ਦਵਾਈਆਂ ਦੀਆਂ ਦੁਕਾਨਾਂ ਆਉਣ ਕਾਰਣ ਉਕਤ ਦੋਵਾਂ ਦੁਕਾਨਾਂ ਚ ਪਈਆਂ ਲੱਖਾਂ ਰੁਪਏ ਕੀਮਤ ਦੀਆਂ ਦਵਾਈਆਂ ਅਤੇ ਹੋਰ ਸਾਜ਼ੋ ਸਮਾਨ ਸੜ ਕੇ ਸੁਆਹ ਹੋ ਗਿਆ।ਅੱਗ ਬੁਝਾਊ ਦਸਤਿਆਂ ਨੇ ਬੜੀ ਜੱਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ। ਐੇਤਵਾਰ ਦਾ ਦਿਨ ਹੋਣ ਕਾਰਨ ਅੱਜ ਬਹੁਤੀਆਂ ਦੁਕਾਨਾਂ ਬੰਦ ਸਨ। ਇਸੇ ਦੌਰਾਨ ਨਗਰ ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਵਾਲੀ ਮਾਰਕੀਟ ਚ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਉਦੋਂ ਲੱਗਾ ਜਦੋਂ ਕੁਝ ਵਿਅਕਤੀਆਂ ਨੇ ਦੁਕਾਨਾਂ ਦੇ ਸ਼ਟਰਾਂ ਥੱਲੋਂ ਧੂੰਆਂ ਨਿਕਲਦਾ ਦੇਖਿਆ ਜਦੋਂ ਨੇੜੇ ਤੇੜੇ ਦੇ ਲੋਕਾਂ ਨੇ ਇਕੱਠੇ ਹੋ ਦੁਕਾਨਾਂ ਦੇ ਜਿੰਦਰੇ ਖੋਲੇ ਤਾਂ ਦੁਕਾਨਾਂ ਚੋਂ ਅੱਗ ਦੇ ਭਾਂਬੜ ਬਲ ਨਿਕਲੇ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤਲਵੰਡੀ ਸਾਬੋ ਨੂੰ ਸੂਚਿਤ ਕੀਤਾ ਜਿੰਨਾਂ ਦੀਆਂ ਅੱਗ ਬੁਝਾਊ ਗੱਡੀਆਂ ਨੇ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਆਰੰਭ ਦਿੱਤੇ। ਘਟਨਾ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਇੰਚਾਰਜ ਅਵਤਾਰ ਸਿੰਘ ਤੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਮੌਕੇ ਤੇ ਪੁੱਜੇ ਤੇ ਉਨਾਂ ਨੇ ਲੋਕਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣੇ ਯਕੀਨੀ ਬਣਾਏ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਬੜੀ ਜਦੋ ਜਹਿਦ ਉਪਰੰਤ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਮੈਡੀਕਲ ਦੀਆਂ ਦੋ ਦੁਕਾਨਾਂ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਤੇ ਬ੍ਰਦਰ ਮੈਡੀਕਲ ਸਟੋਰ ਚ ਪਈਆਂ ਲੱਖਾਂ ਦੀਆਂ ਦਵਾਈਆਂ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।ਕ੍ਰਮਵਾਰ ਮੈਡੀਕਲ ਸਟੋਰ ਸੰਚਾਲਕਾਂ ਗੁਰਦੀਪ ਸਿੰਘ ਤਲਵੰਡੀ ਸਾਬੋ ਅਤੇ ਲ਼ਖਵੀਰ ਸ਼ਰਮਾਂ ਨੇ ਦੱਸਿਆ ਕਿ ਅੰਦਾਜ਼ੇ ਮੁਤਾਬਿਕ ਦੋਵਾਂ ਦੁਕਾਨਾਂ ’ਚ ਕਰੀਬ ਅੱਠ-ਅੱਠ,ਦਸ ਦਸ ਲੱਖ ਰੁਪਏ ਦੀਆਂ ਦਵਾਈਆਂ ਸਨ। ਇਸ ਤੋਂ ਇਲਾਵਾ ਦੁਕਾਨਾਂ ਦੀ ਫਿਿਟੰਗ.ਏ.ਸੀ.ਫਰਿੱਜ਼,ਕੰਪਿਊਟਰ ਤੇ ਹੋਰ ਸਮਾਨ ਸੜ ਗਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਕਤ ਦੋਵਾਂ ਦੁਕਾਨਾਂ ਦੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਥੋੜਾ ਨੁਕਸਾਨ ਹੋਣ ਦੀ ਖਬਰ ਹੈ। ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਭਾਵੇ ਆਰੰਭ ਦਿੱਤੀ ਹੈ ਪਰ ਵਜ੍ਹਾ ਸ਼ਾਰਟ ਸਰਕਟ ਮੰਨੀ ਜਾ ਰਹੀ ਹੈ। ਕੈਮਿਸਟ ਐਸੋਸੀਏਸ਼ਨ ਪ੍ਰਧਾਨ ਮਨਦੀਪ ਸਿੰਘ ਨੇ ਜਿੱਥੇ ਸਰਕਾਰ ਤੋਂ ਦੋਵਾਂ ਦੁਕਾਨ ਸੰਚਾਲਕਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ੳੇੱਥੇ ਥਾਣਾ ਮੁਖੀ ਅਮਰੀਕ ਸਿੰਘ ਨੇ ਅਪੀਲ ਕੀਤੀ ਹੈ ਕਿ ਗਰਮੀ ਜ਼ਿਆਦਾ ਪੈਣ ਕਾਰਣ ਬਿਜਲੀ ਸਪਲਾਈ ਯੰਤਰਾਂ ਦਾ ਧਿਆਨ ਰੱਖਿਆ ਜਾਵੇ ਤੇ ਅਗਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।