ਗੁਪਤ ਦਸਤਾਵੇਜ਼ ਲੀਕ ਕਰਨ ਦੇ ਦੋਸ਼ ’ਚ ਹਿੰਦੂ ਮਹਾ ਗਠਬੰਧਨ ਦਾ ਆਗੂ ਗ੍ਰਿਫਤਾਰ
news from Bathinda news from Bathinda
Publish Date: Wed, 20 May 2026 09:13 PM (IST)
Updated Date: Thu, 21 May 2026 04:10 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਵਲ ਲਾਈਨ ਪੁਲਿਸ ਨੇ ਪੁਲਿਸ ਵਿਭਾਗ ਦੇ ਗੁਪਤ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ’ਚ ਹਿੰਦੂ ਮਹਾਂ ਗਠਬੰਧਨ ਦੇ ਪ੍ਰਧਾਨ ਐਡਵੋਕੇਟ ਸੰਦੀਪ ਪਾਠਕ ਤੇ ਅਣਪਛਾਤੇ ਪੁਲਿਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਜਲਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਪੁਲਿਸ ਵਿਭਾਗ ਨਾਲ ਸਬੰਧਤ ਇਕ ਗੁਪਤ ਪੱਤਰ ਸਾਂਝਾ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਗੁਪਤ ਦਸਤਾਵੇਜ਼ ਨੂੰ ਲੀਕ ਕਰਨ ਵਿੱਚ ਸੰਦੀਪ ਪਾਠਕ ਤੇ ਇਕ ਅਣਪਛਾਤੇ ਪੁਲਿਸ ਮੁਲਾਜ਼ਮ ਦੀ ਭੂਮਿਕਾ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਨੇ ਮਿਲ ਕੇ ਪੁਲਿਸ ਦੇ ਸੰਵੇਦਨਸ਼ੀਲ ਦਸਤਾਵੇਜ਼ ਨੂੰ ਬਾਹਰ ਸਾਂਝਾ ਕੀਤਾ, ਜਿਸ ਨਾਲ ਵਿਭਾਗੀ ਗੋਪੀਨਅਤਾ ਭੰਗ ਹੋਈ। ਥਾਣਾ ਸਿਵਲ ਲਾਈਨ ਵਿੱਚ ਦੋਵੇਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਸੰਦੀਪ ਪਾਠਕ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਮਾਮਲੇ ਵਿੱਚ ਸ਼ਾਮਲ ਪੁਲਿਸ ਮੁਲਾਜ਼ਮ ਅਜੇ ਫਰਾਰ ਹੈ।
ਡੀਐੱਸਪੀ ਅਰੁਣ ਮੁੰਡਨ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੁਪਤ ਦਸਤਾਵੇਜ਼ ਕਿਸ ਉਦੇਸ਼ ਨਾਲ ਲੀਕ ਕੀਤਾ ਗਿਆ ਅਤੇ ਇਸ ਨੂੰ ਕਿਹੜੇ-ਕਿਹੜੇ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਅਨੁਸਾਰ ਵਿਭਾਗੀ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਨਾ ਗੰਭੀਰ ਅਪਰਾਧ ਹੈ ਤੇ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਭਾਲ ਵਿੱਚ ਜੁਟੀ ਹੋਈ ਹੈ ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।