ਹਾਈ ਸਕਿਊਰਿਟੀ ਜੇਲ੍ਹ ’ਚ ਸੁਪਰਡੈਂਟ ’ਤੇ ਹਮਲਾ, ਗੰਨਮੈਨ ਜ਼ਖ਼ਮੀ
news from Bathinda ੋੇੱ ਿੋੇੱਿ ੋੇੱਿ
Publish Date: Fri, 15 May 2026 08:34 PM (IST)
Updated Date: Sat, 16 May 2026 04:13 AM (IST)

* ਨਿਰੀਖਣ ਦੌਰਾਨ ਤਿੰਨ ਹਵਾਲਾਤੀਆਂ ਨੇ ਕੀਤਾ ਜਾਨਲੇਵਾ ਹਮਲਾ * ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ; ਮੁਲਜ਼ਮ 5 ਦਿਨਾਂ ਰਿਮਾਂਡ ’ਤੇ ਗੁਰਤੇਜ ਸਿੰਘ ਸਿੱਧੂ , ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਦੀ ਹਾਈ ਸਕਿਊਰਿਟੀ ਕੇਂਦਰੀ ਜੇਲ੍ਹ ’ਚ ਸ਼ੁੱਕਰਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਤਿੰਨ ਹਵਾਲਾਤੀਆਂ ਨੇ ਜੇਲ੍ਹ ਸੁਪਰਡੈਂਟ ਹਿੰਮਤ ਕੁਮਾਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਸੁਪਰਡੈਂਟ ਨੂੰ ਬਚਾਉਣ ਲਈ ਅੱਗੇ ਆਏ ਗੰਨਮੈਨ ਨੂੰ ਵੀ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ’ਚ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੇਲ੍ਹ ਸੁਪਰਡੈਂਟ ਰੋਜ਼ ਵਾਂਗ ਜੇਲ੍ਹ ਦਾ ਨਿਰੀਖਣ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਇਕ ਬੈਰਕ ਦੀ ਜਾਂਚ ਲਈ ਪਹੁੰਚੇ ਤਾਂ ਉੱਥੇ ਬੰਦ ਤਿੰਨ ਹਵਾਲਾਤੀਆਂ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਕੋਲ ਪਹਿਲਾਂ ਤੋਂ ਤਿਆਰ ਕੀਤੀਆਂ ਤੇਜ਼ਧਾਰ ਵਸਤੂਆਂ ਸਨ, ਜਿਨ੍ਹਾਂ ਨਾਲ ਉਨ੍ਹਾਂ ਸੁਪਰਡੈਂਟ ’ਤੇ ਤਾਬੜ-ਤੋੜ ਵਾਰ ਕੀਤੇ। ਘਟਨਾ ਅਚਾਨਕ ਹੋਣ ਕਾਰਨ ਕੁਝ ਸਮੇਂ ਲਈ ਮੌਕੇ ’ਤੇ ਮੌਜੂਦ ਸਟਾਫ ਵੀ ਘਬਰਾ ਗਿਆ। ਸੁਪਰਡੈਂਟ ਦੀ ਸੁਰੱਖਿਆ ’ਚ ਤਾਇਨਾਤ ਗੰਨਮੈਨ ਨੇ ਤੁਰੰਤ ਅੱਗੇ ਆ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਗੰਨਮੈਨ ’ਤੇ ਵੀ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰਾਂ ’ਚ ਗੰਨਮੈਨ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ’ਚ ਜੇਲ੍ਹ ਕਰਮਚਾਰੀਆਂ ਨੇ ਦਖ਼ਲ ਦੇ ਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਜ਼ਖ਼ਮੀ ਗੰਨਮੈਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਂਟ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਤਿੰਨਾਂ ਹਵਾਲਾਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ’ਚ ਰੁਕਾਵਟ ਪੈਦਾ ਕਰਨ ਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੈਂਟ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ ਅੰਦਰ ਤੇਜ਼ਧਾਰ ਹਥਿਆਰ ਵਰਗੀਆਂ ਵਸਤੂਆਂ ਕਿਵੇਂ ਪਹੁੰਚੀਆਂ।