ਨਗਰ ਪੰਚਾਇਤ ਕੋਟਸ਼ਮੀਰ ਤੇ ਕੋਟਫੱਤਾ ‘ਚ ਅਕਾਲੀ ਦਲ ਰਹੀ ਬਰਕਰਾਰ
ਨਗਰ ਪੰਚਾਇਤ ਕੋਟਸ਼ਮੀਰ ਅਤੇ ਕੋਟਫੱਤਾ ‘ਚ ਅਕਾਲੀ ਦਲ ਦੀ ਬੜਕ ਬਰਕਰਾਰ
Publish Date: Fri, 29 May 2026 10:50 PM (IST)
Updated Date: Sat, 30 May 2026 04:08 AM (IST)

-ਸੱਤਾਧਾਰੀ ਪਾਰਟੀ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ, ਜੇਤੂ ਉਮੀਦਵਾਰਾਂ ਦੇ ਹੱਕ ‘ਚ ਮਨਾਏ ਗਏ ਜਸ਼ਨ ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਨਗਰ ਪੰਚਾਇਤ ਕੋਟਸ਼ਮੀਰ ਅਤੇ ਨਗਰ ਪੰਚਾਇਤ ਕੋਟਫੱਤਾ ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਨੇ ਇਲਾਕੇ ਦੀ ਸਿਆਸਤ ਵਿੱਚ ਵੱਡਾ ਸੰਦੇਸ਼ ਦਿੱਤਾ ਹੈ। ਇਸ ਵਾਰ ਹੋਈਆਂ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੀ ਪੁਰਾਣੀ ਪਕੜ ਮਜ਼ਬੂਤ ਕਰਦਿਆਂ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਪਾਰਟੀ ਨੂੰ ਕਈ ਵਾਰਡਾਂ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਚੋਣ ਨਤੀਜਿਆਂ ਤੋਂ ਬਾਅਦ ਦੋਹਾਂ ਨਗਰ ਪੰਚਾਇਤਾਂ ਵਿੱਚ ਅਕਾਲੀ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਜਿੱਤ ਦੇ ਜਸ਼ਨ ਦੇਰ ਰਾਤ ਤੱਕ ਚਲਦੇ ਰਹੇ।ਨ ਗਰ ਪੰਚਾਇਤ ਕੋਟਸ਼ਮੀਰ ਦੇ 13 ਵਾਰਡਾਂ ਵਿੱਚੋਂ 12 ਵਾਰਡਾਂ ਲਈ ਚੋਣ ਹੋਈ ਸੀ, ਜਿਨ੍ਹਾਂ ਵਿੱਚੋਂ 11 ਵਾਰਡਾਂ ‘ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਵਾਰਡ ਨੰਬਰ 10 ਤੋਂ ਟੇਕ ਸਿੰਘ ਚਹਿਲ ਪਹਿਲਾਂ ਹੀ ਨਿਰਵਿਰੋਧ ਜੇਤੂ ਕਰਾਰ ਦਿੱਤੇ ਜਾ ਚੁੱਕੇ ਸਨ। ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ 27 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ ਗ੍ਰੰਥੀ ਨੇ 124 ਵੋਟਾਂ, ਵਾਰਡ ਨੰਬਰ 3 ਤੋਂ ਪ੍ਰੀਤੀ ਕੌਰ ਨੇ 164 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਉਰਫ਼ ਜੱਸਾ 104 ਵੋਟਾਂ,ਵਾਰਡ ਨੰਬਰ 5 ਤੋਂ ਸਾਬਕਾ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਮਾਤਾ ਜਸਵਿੰਦਰ ਕੌਰ ਨੇ 325 ਵੋਟਾਂ, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਪੰਮਾ ਕਲੱਬ ਪ੍ਰਧਾਨ 42,ਵਾਰਡ ਨੰਬਰ 7 ਤੋਂ ਮਨਜੀਤ ਕੌਰ ਨੇ 47 ਵੋਟਾਂ,ਵਾਰਡ ਨੰਬਰ 8 ਤੋਂ ਰਾਮ ਸਿੰਘ ਮਾਨ 100 ਵੋਟਾਂ,ਵਾਰਡ ਨੰਬਰ 9 ਤੋਂ ਜਸਦੀਪ ਕੌਰ ਨੇ 260 ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਵਾਰਡ ਨੰਬਰ 11 ਤੋਂ ਸੰਦੀਪ ਕੌਰ ਪਤਨੀ ਚਾਨਣ ਸਿੰਘ ਸਿੱਧੂ 38 ਵੋਟਾਂ,ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਸੰਦੀਪ ਸਿੰਘ ਸੰਧੂ 31 ਵੋਟਾਂ, ਵਾਰਡ ਨੰਬਰ 13 ਤੋਂ ਗੋਬਿੰਦ ਸਿੰਘ ਨੇ 184 ਵੋਟਾਂ ਨਾਲ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। ਦੂਜੇ ਪਾਸੇ ਨਗਰ ਪੰਚਾਇਤ ਕੋਟਫੱਤਾ ਦੇ 11 ਵਾਰਡਾਂ ਦੇ ਨਤੀਜਿਆਂ ਵਿੱਚ ਵੀ ਅਕਾਲੀ ਦਲ ਅਤੇ ਉਸਦੇ ਹਿਮਾਇਤੀਆਂ ਨੇ ਮਜ਼ਬੂਤ ਹਾਜ਼ਰੀ ਦਰਜ ਕਰਵਾਈ। ਵਾਰਡ ਨੰਬਰ 1 ਤੋਂ ਅਕਾਲੀ ਦਲ ਬਾਦਲ ਦੀ ਰੀਟਾ ਰਾਣੀ, ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਦਾਰਾ ਸਿੰਘ, ਵਾਰਡ ਨੰਬਰ 3 ਤੋਂ ਅਕਾਲੀ ਦਲ ਸਹਿਯੋਗੀ ਸੁਖਦੀਪ ਕੌਰ, ਵਾਰਡ ਨੰਬਰ 4 ਤੋਂ ਅਕਾਲੀ ਹਿਮਾਇਤੀ ਆਜ਼ਾਦ ਉਮੀਦਵਾਰ ਮਲਕੀਤ ਕੌਰ, ਵਾਰਡ ਨੰਬਰ 5 ਤੋਂ ਕਰਮਜੀਤ ਕੌਰ ਅਕਾਲੀ ਉਮੀਦਵਾਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 6 ਤੋਂ ਸਾਬਕਾ ਐਮਸੀ ਇਕਬਾਲ ਸਿੰਘ ਮੇਟ,ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਕੌਰ, ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਸੁਖਬੀਰ ਸਿੰਘ, ਵਾਰਡ ਨੰਬਰ 9 ਤੋਂ ਸਾਬਕਾ ਕੌਂਸਲਰ ਭੋਲਾ ਸਿੰਘ, ਵਾਰਡ ਨੰਬਰ 10 ਤੋਂ ਅਮਰੀਕ ਸਿੰਘ ਅਤੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਪਰਵੀਨ ਪਤਨੀ ਸੁਖਮੰਦਰ ਖ਼ਾਨ ਨੇ ਜਿੱਤ ਦਰਜ ਕਰਵਾਈ। ਚੋਣ ਨਤੀਜੇ ਸਾਹਮਣੇ ਆਉਂਦੇ ਹੀ ਬਠਿੰਡਾ ਦੇ ਪੈਸਕੋ ਚੋਣ ਕੇਂਦਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜੇਤੂ ਉਮੀਦਵਾਰਾਂ ਦੇ ਹੱਕ ਵਿੱਚ ਭੰਗੜੇ ਪਾਏ ਗਏ, ਰੰਗਾਂ ਨਾਲ ਹੋਲੀ ਖੇਡੀ ਗਈ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਵੱਖ-ਵੱਖ ਪਾਰਟੀਆਂ ਦੇ ਸਮਰਥਕ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਨਿੰਮਾ ਸਮੇਤ ਜੇਤੂ ਉਮੀਦਵਾਰਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ‘ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ ‘ਤੇ ਪੂਰਾ ਉਤਰਣ ਦੀ ਕੋਸ਼ਿਸ਼ ਕਰਨਗੇ।