ਅਵਾਰਾ ਪਸ਼ੂਆਂ ਕਾਰਨ ਹਰ ਰੋਜ਼ ਵਾਪਰ ਰਹੇ ਨੇ ਸੜਕ ਹਾਦਸਿਆਂ ’ਚ ਜਾ ਰਹੀਆਂ ਨੇ ਕੀਮਤੀ ਜਾਨਾਂ

- ਗਊ ਸੈੱਸ ਲਾਉਣ ਦੇ ਬਾਵਜ਼ੂਦ ਵੀ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨਹੀਂ ਹੋ ਸਕੀ ਹੱਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਲਾਵਾਰਿਸ ਪਸ਼ੂਆਂ ਦੀ ਸਮੱਸਿਆ ਇੱਕਲੇ ਬਠਿੰਡਾ ਸ਼ਹਿਰ 'ਚ ਹੀ ਨਹੀ ਹੈ, ਇਹ ਸਮੱਸਿਆ ਪੰਜਾਬ ਭਰ 'ਚ ਹੈ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਲਈ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਇਕ ਚੁਣੌਤੀ ਬਣੀ ਹੋਈ ਹੈ। ਭਾਵੇਂ ਪੰਜਾਬ ਸਰਕਾਰ ਨੇ ਇਨ੍ਹਾਂ ਲਾਵਾਰਿਸ ਤੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਗਊ ਸੈੱਸ ਲਗਾਇਆ ਜਿਸ ਰਾਹੀ ਕਰੋੜਾਂ ਰੁਪਏ ਇਕੱਠੇ ਵੀ ਹੋ ਰਹੇ ਹਨ ਪਰ ਇਸਦੇ ਬਾਵਜ਼ੂਦ ਲਾਵਾਰਿਸ ਤੇ ਬੇਸਹਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਾਵਾਰਿਸ ਪਸ਼ੂਆਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਵਿਚ ਹਰ ਰੋਜ਼ ਕੀਮਤੀ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ। ਇਸ ਗੰਭੀਰ ਮੁੱਦੇ ’ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਕੀਤੀ ਗਈ ਵਿਚਾਰ ਚਰਚਾ।
ਬਠਿੰਡਾ ਵਾਸੀ ਗਗਨ ਨਥਾਣਾ ਦਾ ਕਹਿਣਾ ਸੀ ਕਿ ਲਾਵਾਰਿਸ ਪਸ਼ੂ ਸਿਰਫ਼ ਸ਼ਹਿਰ ਹੀ ਨਹੀਂ ਸਗੋਂ ਪੇਂਡੂ ਖੇਤਰ ਦੇ ਲੋਕਾਂ ਲਈ ਵੀ ਸਿਰਦਰਦੀ ਬਣੇ ਹੋਏ ਹਨ। ਜਿੱਥੇ ਸ਼ਹਿਰਾਂ ਵਿਚ ਲਾਵਾਰਿਸ ਤੇ ਬੇਸਹਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਲਾਵਾਰਿਸ ਤੇ ਬੇਸਹਾਰਾ ਪਸ਼ੂਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ। ਜਿਸ ਖੇਤ ਵਿਚ ਹਰਿਆਲੀ ਹੁੰਦੀ ਹੈ ਜਾਂ ਜਿੱਥੇ ਸਬਜ਼ੀਆਂ ਆਦਿ ਬੀਜ਼ੀਆਂ ਹੁੰਦੀਆਂ ਹਨ , ਬੇਸਹਾਰਾ ਪਸ਼ੂ ਉੱਧਰ ਦੌੜੇ ਦੇ ਹਨ ਅ ਤੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਕਿਸਾਨ ਭਾਈਚਾਰਾ ਬੇਸਹਾਰਾ ਪਸ਼ੂਆਂ ਦੇ ਡਰ ਨਾਲ ਰਾਤਾਂ ਜਾਗ ਜਾਗ ਕੇ ਰਾਖੀ ਕਰਨ ਲਈ ਮਜਬੂਰ ਹਨ। ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਬੇਸਹਾਰਾ ਪਸ਼ੂਆਂ ਦਾ ਕੋਈ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਅਤੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਤੋਂ ਬਚ ਸਕਣ।
ਕਿਸਾਨ ਆਗੂ ਸਵਰਨਜੀਤ ਸਿੰਘ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਤਾਂ ਸ਼ਹਿਰ ਅੰਦਰ ਵੀ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ। ਹਰ ਪਾਸੇ ਲਾਵਾਰਿਸ ਤੇ ਬੇਸਹਾਰਾ ਪਸ਼ੂਆਂ ਦੀਆਂ ਡਾਰਾਂ ਸੜਕਾਂ ’ਤੇ ਘੁੰਮਦੀਆਂ ਨਜ਼ਰ ਆਉਦੀਆਂ ਹਨ। ਸ਼ਹਿਰ 'ਚ ਵੀ ਲੋਕਾਂ ਲਈ ਪਸ਼ੂ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਤੇ ਕਈ ਵਾਰ ਬੇਸਹਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਚੁੱਕੇ ਹਨ। ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ, ਕੁਝ ਅਪਾਹਜ ਹੋ ਚੁੱਕੇ ਹਨ। ਬੇਸਹਾਰਾ ਪਸ਼ੂ ਸ਼ਹਿਰ ਅੰਦਰ ਹਰਿਆਲੀ ਮੁਹਿੰਮ ਦੇ ਤਹਿਤ ਲਗਾਏ ਗਏ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਲੋੜ ਹੈ ਸਮਾਂ ਰਹਿੰਦਿਆਂ ਲਾਵਾਰਿਸ ਪਸ਼ੂਆਂ ਦਾ ਪੱਕੇ ਤੌਰ 'ਤੇ ਹੱਲ ਕਰਨ ਦੀ ਨਹੀ ਤਾਂ ਭਵਿੱਖ 'ਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਜਿਸ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ
ਨਰਦੇਵ ਸਿੰਘ ਪੂਹਲੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਸਮੱਸਿਆ ਲਾਵਾਰਿਸ ਤੇ ਬੇਸਹਾਰਾ ਘੁੰਮਦੇ ਗਾਵਾਂ ਅਤੇ ਢੱਠਿਆਂ ਕਰਕੇ ਹੈ। ਇਨ੍ਹਾਂ ਬੇਸਹਾਰਾ ਤੇ ਲਾਵਾਰਿਸ ਫਿਰਦੇ ਢੱਠਿਆਂ ਕਾਰਨ ਐਕਸੀਡੈਂਟਾਂ ਵਿਚ ਬਹੁਤ ਸਾਰੇ ਲੋਕ ਜਾਨਾਂ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਹੱਡੀਆਂ ਤੁੜਾ ਬੈਠੈ ਹਨ ਅਤੇ ਲੰਮਾ ਸਮਾਂ ਦੁੱਖ ਭੋਗਦੇ ਹਨ। ਇਸ ਨਾਲ ਜਿੱਥੇ ਵੱਡੀ ਪੱਧਰ ’ਤੇ ਆਰਥਿਕ ਨੁਕਸਾਨ ਹੁੰਦਾ ਹੈ,ਉਥੇ ਹੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਨੁਕਸਾਨ ਵੀ ਸਹਿਣਾ ਪੈਂਦਾ ਹੈ। ਸ਼ਹਿਰਾਂ ਵਿਚ ਥਾਂ-ਥਾਂ ਘੁੰਮਦੇ ਇਹ ਬੇਸਹਾਰਾ ਪਸ਼ੂਆਂ ਦੇ ਲਈ ਖਾਣ-ਪੀਣ ਦਾ ਵੀ ਕੋਈ ਜਰੀਆ ਨਹੀਂ ਹੁੰਦਾ ਤੇ ਕੂੜੇ ਦੇ ਢੇਰਾਂ ’ਤੇ ਮੂੰਹ ਮਾਰ ਕੇ ਆਪਣੇ ਲਈ ਕੁੱਝ ਖਾਣ ਨੂੰ ਲੱਭਦੇ ਇਹ ਪਸ਼ੂ ਸਾਰਾ ਕੂੜਾ ਖਿਲਾਰ ਕੇ ਹੋਰ ਗੰਦ ਪਾ ਦਿੰਦੇ ਹਨ। ਕਈ ਥਾਵਾਂ ’ਤੇ ਬੇਸਹਾਰਾ ਪਸ਼ੂ ਲੋਕਾਂ ’ਤੇ ਹਮਲਾ ਕਰਕੇ ਉਨ੍ਹਾਂ ਦੀ ਜਾਨ ਵੀ ਲੈ ਚੁੱਕੇ ਹਨ।
ਬਲਦੇਵ ਸਿੰਘ ਅਕਲੀਆ ਦਾ ਕਹਿਣਾ ਸੀ ਕਿ ਇਨਸਾਨੀ ਜੀਵਨ ਨਾਲ ਜੁੜੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਇਸ ਵੇਲੇ ਭਿਆਨਕ ਰੂਪ ਧਾਰ ਰਹੀ ਹੈ, ਜਿਸ ਬਾਰੇ ਚਰਚਾ ਹੋਣੀ ਜ਼ਰੂਰੀ ਹੈ, ਕਿਉਂਕਿ ਬੇਸਹਾਰਾ ਗਊਆਂ ਤੇ ਸਾਨ੍ਹਾਂ ਤੋਂ ਲੋਕ ਪਰੇਸ਼ਾਨ ਤਾਂ ਬਹੁਤ ਨੇ ਪਰ ਅੱਗੇ ਆ ਕੇ ਬੋਲ ਕੋਈ ਵੀ ਨਹੀਂ ਰਿਹਾ। ਹਰ ਕੋਈ ਉਮੀਦ ਲਾਈ ਬੈਠਾ ਹੈ ਕਿ ਕਦੇ ਤਾਂ ਪ੍ਰਸ਼ਾਸ਼ਨ ਦਾ ਇਸ ਸਮੱਸਿਆ ’ਤੇ ਧਿਆਨ ਜਾਵੇਗਾ। ਲਾਵਾਰਿਸ ਤੇ ਬਸੇਹਾਰਾ ਪਸ਼ੂਆਂ ਦੇ ਹੱਲ ਲਈ ਸਰਕਾਰ ਦੁਆਰਾ ਇੱਕ ਅਜਿਹਾ ਟੈਕਸ ਜਨਤਾ ’ਤੇ ਲਾਇਆ ਗਿਆ ਜੋ ਲਾਵਾਰਿਸ ਪਸ਼ੂਆਂ ਦੀ ਦੇਖ-ਰੇਖ, ਉਨ੍ਹਾਂ ਦੇ ਪਾਲਣ-ਪੋਸ਼ਣ ’ਤੇ ਖਰਚੇ ਜਾਣ ਲਈ ਵਸੂਲਿਆ ਜਾਂਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ 2 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਤਕ ਲਾਇਆ ਗਿਆ। ਇਹ ਟੈੈਕਸ ਗਊ ਸੈੱਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਰ ਆਮ ਤੌਰ ’ਤੇ ਜੋ ਗਊ ਸੈੱਸ ਦੇ ਨਾਂਅ ’ਤੇ ਸਰਕਾਰ ਵੱਲੋਂ ਭਾਰੀ ਵਸੂਲੀ ਕੀਤੀ ਜਾ ਰਹੀ ਹੈ, ਉਸਨੂੰ ਪਸ਼ੂਆਂ ਦੀ ਭਲਾਈ ਲਈ ਨਹੀਂ ਖਰਚਿਆ ਜਾ ਰਿਹਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਸ਼ਆਂ ਦੀ ਸੰਭਾਲ ਲਈ ਗਊ ਸੈੱਸ ਨੂੰ ਸਹੀ ਜਗ੍ਹਾ ਵਰਤੇ।
ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ਗਊ ਸੈੱਸ ਲੱਗਣ ਤੋਂ ਬਾਅਦ ਵੀ ਹਾਲਾਤ ਇਨ੍ਹੇ ਬੁਰੇ ਹਨ ਕਿ ਬੇਸਹਾਰਾ ਤੇ ਲਾਵਾਰਿਸ ਗਊਆਂ ਵੱਛੜਿਆ ਦੁਆਰਾ ਕਿਸਾਨਾਂ ਦੀਆਂ ਫਸਲਾਂ ਉਜਾੜਨ ਕਾਰਨ ਕਿਸਾਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਕਿਸਾਨਾਂ ਨੂੰ ਅਕਸਰ ਮਾਲੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਹੁਣ ਇਨ੍ਹਾਂ ਬੇਸਹਾਰਾ ਤੇ ਲਾਵਾਰਿਸ ਪਸ਼ੂਆਂ ਦੀ ਗਿਣਤੀ ਐਨੀ ਵਧ ਚੁੱਕੀ ਹੈ ਕਿ ਰੋਜ਼ਾਨਾ ਸੜਕਾਂ ’ਤੇ ਪਸ਼ੂਆਂ ਦੀਆਂ ਡਾਰਾਂ ਘੁੰਮਦੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਲਾਵਾਰਿਸ ਪਸ਼ੂ ਰਾਹਗੀਰਾਂ ਉੱਤੇ ਕਈ ਵਾਰ ਜਾਨਲੇਵਾ ਹਮਲੇ ਕੀਤੇ ਗਏ ਹਨ। ਲਾਵਾਰਿਸ ਪਸ਼ੂਆਂ ਵੱਲੋਂ ਕੀਤੇ ਹਮਲਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਵੀ ਦੇਖੀਆਂ ਜਾ ਸਕਦੀਆਂ ਹਨ। ਲਾਵਾਰਿਸ ਪਸ਼ੂਆਂ ਦੁਆਰਾ ਅਚਾਨਕ ਰਾਹਗੀਰਾਂ ਦੇ ਵਾਹਨਾਂ ਸਾਹਮਣੇ ਆਉਣ ਨਾਲ ਵਾਪਰਦੇ ਹਾਦਸਿਆਂ ਵਿਚ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ।