ਸਰੂਪ ਸਿੰਗਲਾ ਅਤੇ ਵਰਕਰਾਂ ਉੱਪਰ ਕਰਾਸ ਕੇਸ ਦਰਜ ਕਰਨ ‘ਤੇ ਭੜਕੇ ਭਾਜਪਾਈ

- ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਪੁਲਿਸ ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
- ਸਰੂਪ ਸਿੰਗਲਾ ਨੇ ਕਿਹਾ ਪੁਲਿਸ ਨੇ ਉਨ੍ਹਾਂ ਦੀ 45 ਸਾਲਾਂ ਦੀ ਰਾਜਨੀਤਿਕ ਸੇਵਾ ’ਤੇ ਲਾਇਆ ਦਾਗ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 2 ਵਿੱਚ ਭਾਜਪਾ ਵਰਕਰਾਂ ’ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਦਰਜ ਕੀਤੇ ਗਏ ਕਰਾਸ ਕੇਸ ਦੇ ਵਿਰੋਧ ਵਿੱਚ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਕਰੀਬ ਦੋ ਘੰਟੇ ਚੱਲੇ ਇਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਰਾਜ ਸਰਕਾਰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।
ਭਾਜਪਾ ਆਗੂਆਂ ਦਾ ਦੋਸ਼ ਹੈ ਕਿ 26 ਮਈ ਨੂੰ ਨਿਗਮ ਚੋਣਾਂ ਵਾਲੇ ਦਿਨ ਬੀਬੀਵਾਲਾ ਰੋਡ ਸਥਿਤ ਬੂਥ ਵਿੱਚ ਵੜਕੇ ਭਾਜਪਾ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਉਨ੍ਹਾਂ ਦੇ ਪੁੱਤਰ ਦੀਨਵ ਸਿੰਗਲਾ ‘ਤੇ ਵੀ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਦੋਵੇਂ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਉਨ੍ਹਾਂ ਦੇ ਗਨਮੈਨ ਅਤੇ ਤਿੰਨ ਹੋਰ ਵਰਕਰ ਵੀ ਜ਼ਖ਼ਮੀ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਹ ਪੂਰੀ ਘਟਨਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਮਰਜੀਤ ਮਹਿਤਾ ਦੇ ਇਸ਼ਾਰੇ ‘ਤੇ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਹਮਲੇ ਤੋਂ ਬਾਅਦ ਪੁਲਿਸ ਨੇ ਨਿਰਪੱਖ ਕਾਰਵਾਈ ਕਰਨ ਦੀ ਬਜਾਏ ਪੀੜਤ ਪੱਖ ‘ਤੇ ਹੀ ਕਰਾਸ ਕੇਸ ਦਰਜ ਕਰਕੇ ਕਾਨੂੰਨ ਵਿਵਸਥਾ ਦਾ ਮਜ਼ਾਕ ਬਣਾਇਆ ਹੈ। ਸਿੰਗਲਾ ਨੇ ਕਿਹਾ ਕਿ ਬਠਿੰਡਾ ਵਿੱਚ ਇਸ ਤਰ੍ਹਾਂ ਦੀ ਧੱਕੇਸ਼ਾਹੀ ਪਹਿਲਾਂ ਕਦੇ ਨਹੀਂ ਵੇਖੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ‘ਤੇ ਕੇਸ ਦਰਜ ਕਰਕੇ ਉਨ੍ਹਾਂ ਦੀ 45 ਸਾਲਾਂ ਦੀ ਰਾਜਨੀਤਿਕ ਅਤੇ ਸਮਾਜਿਕ ਸੇਵਾ ‘ਤੇ ਦਾਗ ਲਗਾਉਣ ਦਾ ਕੰਮ ਕੀਤਾ ਹੈ, ਜਿਸ ਨੂੰ ਉਹ ਕਦੇ ਨਹੀਂ ਭੁੱਲਣਗੇ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਦਾ ਰਾਜਨੀਤਿਕ ਅਤੇ ਕਾਨੂੰਨੀ ਪੱਧਰ ‘ਤੇ ਜਵਾਬ ਲਿਆ ਜਾਵੇਗਾ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਆਪਣੇ ਫੈਸਲਿਆਂ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਆਪ ਉਮੀਦਵਾਰ ਹਰਵੀਰ ਸਿੰਘ ਰਿੱਪੂ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਸਖ਼ਤ ਕਾਰਵਾਈ ਕਰਨ ਦੀ ਬਜਾਏ ਪੀੜਤ ਪੱਖ ਨੂੰ ਹੀ ਦੋਸ਼ੀ ਬਣਾ ਦਿੱਤਾ। ਭਾਜਪਾ ਆਗੂਆਂ ਨੇ ਇਸ ਨੂੰ ਲੋਕਤੰਤਰ ਅਤੇ ਨਿਰਪੱਖ ਚੋਣ ਪ੍ਰਕਿਰਿਆ ‘ਤੇ ਹਮਲਾ ਕਰਾਰ ਦਿੱਤਾ। ਧਰਨੇ ਵਿੱਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਦਿਆਲ ਸੋਢੀ, ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਲੋਕ ਸਭਾ ਇੰਚਾਰਜ ਪਰਮਪਾਲ ਕੌਰ ਮਲੂਕਾ, ਐਡਵੋਕੇਟ ਮੋਹਨ ਲਾਲ ਗਰਗ, ਸ਼ਾਮ ਲਾਲ ਬਾਂਸਲ, ਰਾਜ ਨੰਬਰਦਾਰ, ਵਿਜੇ ਸਿੰਗਲਾ, ਸੁਖਪਾਲ ਸਿੰਘ ਸਰਾਂ, ਪਰਮਿੰਦਰ ਗੋਇਲ ਸਮੇਤ ਭਾਜਪਾ ਦੇ ਸੀਨੀਅਰ ਆਗੂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।