ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਠੰਢੇ ਪਾਣੀ ਦੀ ਕਮੀ, ਯਾਤਰੀ ਗਰਮ ਪਾਣੀ ਪੀਣ ਨੂੰ ਮਜਬੂਰ
ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਠੰਢੇ ਪਾਣੀ ਦੀ ਕਮੀ, ਯਾਤਰੀ ਗਰਮ ਪਾਣੀ ਪੀਣ ਨੂੰ ਮਜਬੂਰ
Publish Date: Thu, 28 May 2026 04:55 PM (IST)
Updated Date: Thu, 28 May 2026 04:55 PM (IST)

ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਗਰਮੀ ’ਚ ਠੰਢੇ ਪਾਣੀ ਦੀ ਜਗ੍ਹਾ ਮਿਲ ਰਿਹਾ ਗਰਮ ਪਾਣੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਤਿੱਖੀ ਗਰਮੀ ਦੇ ਇਸ ਮੌਸਮ ਵਿੱਚ ਬਠਿੰਡਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਦੇ ਟਿਕਟ ਘਰ ਦੇ ਨੇੜੇ ਲਾਇਆ ਗਿਆ ਪਿਆਓ ਯਾਤਰੀਆਂ ਦੀ ਤ੍ਰਿਸ਼ਨਾ ਤਾਂ ਬੁਝਾ ਰਿਹਾ ਹੈ, ਪਰ ਉਸ ਵਿੱਚੋਂ ਠੰਢੇ ਪਾਣੀ ਦੀ ਥਾਂ ਗਰਮ ਪਾਣੀ ਆ ਰਿਹਾ ਹੈ, ਜਿਸ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਲੋਕ ਜਾਂ ਤਾਂ ਗਰਮ ਪਾਣੀ ਪੀਣ ਲਈ ਮਜਬੂਰ ਹਨ ਜਾਂ ਫ਼ਿਰ ਮਹਿੰਗੇ ਭਾਅ ਦਾ ਮੁੱਲ ਖਰੀਦ ਕੇ ਪਾਣੀ ਪੀਣਾ ਪੈ ਰਿਹਾ ਹੈ। ਹਰ ਰੋਜ਼ ਹਜ਼ਾਰਾਂ ਯਾਤਰੀ ਬਠਿੰਡਾ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਕਰਦੇ ਹਨ। ਟਿਕਟ ਲੈਣ ਲਈ ਲੋਕਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ, ਪਰ ਨੇੜੇ ਹੀ ਠੰਢੇ ਪਾਣੀ ਦੀ ਸਹੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਤੇਜ਼ ਧੁੱਪ ਅਤੇ ਵਧਦੇ ਤਾਪਮਾਨ ਵਿੱਚ ਜਦੋਂ ਉਹ ਟਿਕਟ ਲੈਣ ਲਈ ਖੜ੍ਹੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਪੀਣ ਲਈ ਗਰਮ ਪਾਣੀ ਹੀ ਮਿਲਦਾ ਹੈ। ਯਾਤਰੀਆਂ ਨੇ ਦੱਸਿਆ ਕਿ ਟਿਕਟ ਘਰ ਦੇ ਕੋਲ ਲਾਇਆ ਗਿਆ ਪਿਆਓ ਕਾਫ਼ੀ ਸਮੇਂ ਤੋਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ। ਪਾਣੀ ਠੰਢਾ ਕਰਨ ਵਾਲੀ ਪ੍ਰਣਾਲੀ ਬੰਦ ਪਈ ਹੈ, ਜਿਸ ਕਾਰਨ ਟੂਟੀਆਂ ਵਿੱਚੋਂ ਸਿੱਧਾ ਗਰਮ ਪਾਣੀ ਨਿਕਲ ਰਿਹਾ ਹੈ। ਕਈ ਯਾਤਰੀਆਂ ਨੇ ਦੋਸ਼ ਲਾਇਆ ਕਿ ਰੇਲਵੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਹਾਲੇ ਤਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਗਰਮੀ ਦੇ ਇਸ ਮੌਸਮ ਵਿੱਚ ਸਭ ਤੋਂ ਵੱਧ ਮੁਸ਼ਕਿਲ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਆ ਰਹੀ ਹੈ। ਕਈ ਯਾਤਰੀਆਂ ਨੂੰ ਮਜਬੂਰੀ ਵਸ਼ ਸਟੇਸ਼ਨ ਦੇ ਬਾਹਰ ਜਾਂ ਦੁਕਾਨਾਂ ਤੋਂ ਮਹਿੰਗੇ ਭਾਅ ’ਤੇ ਪਾਣੀ ਦੀਆਂ ਬੋਤਲਾਂ ਖ਼ਰੀਦਣੀਆਂ ਪੈ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਵਰਗੇ ਜਨਤਕ ਸਥਾਨ ’ਤੇ ਠੰਢੇ ਪਾਣੀ ਦੀ ਸੁਚੱਜੀ ਸਹੂਲਤ ਹੋਣੀ ਬਹੁਤ ਜ਼ਰੂਰੀ ਹੈ, ਪਰ ਇੱਥੇ ਮੂਲਭੂਤ ਸਹੂਲਤਾਂ ਦੀ ਕਮੀ ਸਾਫ਼ ਦਿਖਾਈ ਦੇ ਰਹੀ ਹੈ। ਸਥਾਨਕ ਲੋਕਾਂ ਅਤੇ ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਿਕਟ ਘਰ ਦੇ ਨੇੜੇ ਠੰਢੇ ਪਾਣੀ ਦੀ ਸਹੂਲਤ ਤੁਰੰਤ ਬਹਾਲ ਕੀਤੀ ਜਾਵੇ ਤਾਂ ਜੋ ਤਿੱਖੀ ਗਰਮੀ ਵਿੱਚ ਯਾਤਰੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।