ਪੇਂਡੂ ਸੱਭਿਆਚਾਰ ਵਿੱਚੋਂ ਅਲੋਪ ਹੋ ਰਹੀ ਹੈ ਤੂੜੀ ਦੇ ਕੁੱਪ ਬੰਨਣ ਦੀ ਕਲਾ

- ਪੰਜਾਬ ਦੀ ਵਿਰਾਸਤ ਵੀ ਹੈ ਕੁੱਪ
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਬਠਿੰਡਾ : ਤੂੜੀ ਵਾਲਾ ਕੁੱਪ ਪੰਜਾਬੀ ਸੱਭਿਆਚਾਰ ਅਤੇ ਖੇਤੀਬਾੜੀ ਦਾ ਇਕ ਅਹਿਮ ਹਿੱਸਾ ਰਿਹਾ ਹੈ, ਜਿਸ ਦੀ ਮਹੱਤਤਾ ਪਸ਼ੂ ਪਾਲਣ ਅਤੇ ਰਵਾਇਤੀ ਖੇਤੀ ਵਿੱਚ ਬਹੁਤ ਜਿਆਦਾ ਹੈ। ਤੂੜੀ ਵਾਲੇ ਕੁੱਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਸੰਯੁਕਤ ਨਿਰਦੇਸ਼ਕ ਨੇ ਦੱਸਿਆ ਕਿ ਕੁੱਪ ਦਾ ਮੁੱਖ ਉਦੇਸ਼ ਕਣਕ ਦੀ ਤੂੜੀ ਨੂੰ ਸਾਲ ਭਰ ਲਈ ਸੁਰੱਖਿਅਤ ਜਮਾਂ ਕਰਕੇ ਰੱਖਣਾ ਹੈ। ਇਹ ਤੂੜੀ ਨੂੰ ਮੀਹ ਅਤੇ ਧੁੱਪ ਤੋਂ ਬਚਾਉਂਦਾ ਹੈ ਜਿਸ ਨਾਲ ਤੂੜੀ ਖਰਾਬ ਨਹੀਂ ਹੁੰਦੀ। ਕੁੱਪ ਬਣਾਉਣਾ ਇੱਕ ਕਲਾ ਹੈ ਜਿਸ ਵਿੱਚ ਕਾਹੀ, ਪਰਾਲੀ ਅਤੇ ਰੱਸਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪੰਜਾਬੀ ਵਿਰਾਸਤ ਦੀ ਝਲਕ ਪਾਉਂਦੀ ਹੈ। ਕੁੱਪ ਨੂੰ ਬਹੁਤ ਮਿਹਨਤ ਅਤੇ ਕਲਾਕਾਰੀ ਨਾਲ ਬੰਨਿਆ ਜਾਂਦਾ ਹੈ ਜੋ ਕਿ ਇਕ ਤਿਕੋਣੀ ਸ਼ਕਲ ਵਿੱਚ ਹੁੰਦਾ ਹੈ। ਕਣਕ ਦੀ ਕਟਾਈ ਕਰਨ ਉਪਰੰਤ ਉਸ ਵਿੱਚ ਥਰੈਸ਼ਰ ਰਾਹੀਂ ਦਾਣੇ ਅਲੱਗ ਅਤੇ ਤੂੜੀ ਅਲੱਗ ਕੱਢ ਲਈ ਜਾਂਦੀ ਸੀ। ਅੱਜ ਕੱਲ ਵਾਢੀ ਦਾ ਜਿਆਦਾ ਕੰਮ ਤਾਂ ਕੰਬਾਈਨਾਂ ਰਾਹੀਂ ਹੀ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਰੀਪਰ ਨਾਲ ਤੂੜੀ ਬਣਾ ਲਈ ਜਾਂਦੀ ਹੈ। ਕਈ ਸਾਲ ਪਹਿਲਾਂ ਤਾਂ ਕਣਕ ਦੀ ਵਢਾਈ ਹੱਥਾਂ ਨਾਲ ਕੀਤੀ ਜਾਂਦੀ ਸੀ ਅਤੇ ਵੱਡੀ ਹੋਈ ਕਣਕ ਦੇ ਭਰੇ ਬੰਨ ਲਏ ਜਾਂਦੇ ਸਨ ਅਤੇ ਫੇਰ ਉਹਨਾਂ ਭਰਿਆਂ ਨੂੰ ਸਿਰ ਉੱਪਰ ਚੱਕ ਕੇ ਥਰੈਸ਼ਰ ਤੱਕ ਪਹੁੰਚਾਇਆ ਜਾਂਦਾ ਸੀ। ਇਸ ਤਰ੍ਹਾਂ ਇੱਕ ਪਾਸੇ ਦਾਣੇ ਨਿਕਲ ਜਾਂਦੇ ਸਨ ਅਤੇ ਦੂਜੇ ਪਾਸੇ ਤੂੜੀ ਦਾ ਵੱਡਾ ਢੇਰ ਲੱਗ ਜਾਂਦਾ ਸੀ। ਤੂੜੀ ਦਾ ਕੁੱਪ ਬੰਨਣਾ ਵੀ ਕੋਈ ਆਸਾਨ ਕੰਮ ਨਹੀਂ ਹੈ, ਇਸ ਦੇ ਲਈ ਵੀ ਬਹੁਤ ਸਾਰਾ ਸਮਾਨ ਇਕੱਤਰ ਕਰਨਾ ਪੈਂਦਾ ਸੀ ਸਭ ਤੋਂ ਪਹਿਲਾਂ ਸਹੀ ਜਗ੍ਹਾ ਦੀ ਚੋਣ ਕੀਤੀ ਜਾਂਦੀ ਸੀ ਤਾਂ ਕਿ ਉਹ ਨੀਵੀਂ ਥਾਂ ਨਾ ਹੋਵੇ ਕਿਉਂਕਿ ਮੀਂਹ ਕਣੀ ਵਿੱਚ ਕੁੱਪ ਦਾ ਕੁਦਰਤੀ ਤੌਰ ਤੇ ਬਚਾਅ ਹੁੰਦਾ ਰਹੇ। ਕੁੱਪ ਬੰਨਣ ਲਈ ਪਰਾਲੀ, ਸਲਵਾੜ, ਅਰਹਰ ਦੀਆਂ ਛਟੀਆਂ ਸੁੱਖਾ, ਕਣਕ ਨੂੰ ਝਾੜਨ ਤੋਂ ਬਾਅਦ ਪ੍ਰਾਪਤ ਹੋਈ ਪਰਾਲੀ ਆਦੀ ਨੂੰ ਵਰਤਿਆ ਜਾਂਦਾ ਸੀ। ਕੁੱਪ ਬੰਨਣ ਲਈ ਇੱਕ ਗੋਲ ਚੱਕਰ ਵਿੱਚ ਚਾਰ ਪੰਜ ਕੀਲੇ ਗੱਡ ਲਏ ਜਾਂਦੇ ਸਨ ਜਿਨਾਂ ਦੇ ਆਲੇ ਦੁਆਲੇ ਗੋਲ ਚੱਕਰ ਵਾਂਗ ਲੋਹੇ ਦੀ ਤਾਰ ਜਾਂ ਵੇੜ ਫੇਰੀ ਜਾਂਦੀ ਅਤੇ ਫਿਰ ਉਸਦੇ ਅੰਦਰ ਸਲਵਾੜ, ਪਰਾਲੀ, ਕਾਹੀ ਵਗੈਰਾ ਨੂੰ ਲਗਾਇਆ ਜਾਂਦਾ ਸੀ। ਫਿਰ ਤੂੜੀ ਦੀਆਂ ਪੰਡਾਂ ਲਿਆ ਕੇ ਉਸ ਵਿੱਚ ਸੁੱਟੀਆਂ ਜਾਂਦੀਆਂ। ਇਸ ਤਰ੍ਹਾਂ ਕੁੱਪ ਦਾ ਥੱਲਾ ਤੁਰ ਪੈਂਦਾ। ਇੱਕ ਜਾਂ ਦੋ ਆਦਮੀ ਤੂੜੀ ਦੀਆਂ ਪੰਡਾਂ ਖੋਲਣ ਅਤੇ ਤੂੜੀ ਦੀ ਦਬਾਉਣ ਲਈ ਕੁੱਪ ਦੇ ਅੰਦਰ ਹੁੰਦੇ ਸਨ, ਬਾਕੀ ਜਣੇ ਤੂੜੀ ਦੀਆਂ ਪੰਡਾਂ ਨੂੰ ਭਰਨ ਅਤੇ ਕੁਪ ਤੱਕ ਪਹੁੰਚਾਉਣ ਦਾ ਕੰਮ ਕਰਦੇ। ਜਿਵੇਂ ਜਿਵੇਂ ਕੁੱਪ ਵਿੱਚ ਤੂੜੀ ਪੈਂਦੀ ਜਾਂਦੀ ਤਾਂ ਉਸਦੀ ਉਚਾਈ ਉੱਚੀ ਹੁੰਦੀ ਚਲੀ ਜਾਂਦੀ ਅਤੇ ਨਾਲ ਨਾਲ ਤਾਰ ਦੇ ਗੇੜ ਲਗਾਉਣ ਦਾ ਕੰਮ ਜਾਰੀ ਰਹਿੰਦਾ। ਇਸ ਤਰ੍ਹਾਂ ਕੁੱਪ ਬਣ ਕੇ ਤਿਆਰ ਹੋ ਜਾਂਦਾ ਸੀ। ਡਾਕਟਰ ਸ਼ਰਮਾ ਨੇ ਦੱਸਿਆ ਕਿ ਸਮੇਂ ਦੀ ਘਾਟ ਅਤੇ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਅੱਜ ਕੱਲ ਬਾਜ਼ਾਰ ਵਿੱਚ ਬਣੇ ਬਣਾਏ ਤਰਪਾਲ ਦੇ ਕੁੱਪ ਵੀ ਆਸਾਨੀ ਨਾਲ ਮਿਲ ਜਾਂਦੇ ਹਨ ਜਿਨਾਂ ਵਿੱਚ ਲੋਕ ਤੂੜੀ ਭਰ ਕੇ ਰੱਖ ਲੈਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਪ੍ਰਚਲਿਤ ਹੋ ਗਈਆਂ ਹਨ। ਪ੍ਰੰਤੂ ਇਹਨਾਂ ਵਿੱਚ ਤੂੜੀ ਨੂੰ ਕੁੱਪ ਵਾਂਗ ਲੰਮੇ ਸਮੇਂ ਤੱਕ ਸੁਰਖਿਅਤ ਨਹੀਂ ਰੱਖਿਆ ਜਾ ਸਕਦਾ। ਹੱਥੀ ਬੰਨੇ ਹੋਏ ਕੁੱਪ ਵਿੱਚ ਜੋ ਕਲਾ ਸੀ ਉਹ ਇਹਨਾਂ ਬਾਜ਼ਾਰੂੁ ਕੁੱਪਾਂ ਵਿੱਚ ਨਹੀਂ ਹੈ। ਸਮੇਂ ਦੇ ਬਦਲਾਅ ਨਾਲ ਅੱਜ ਵੀ ਕਿਤੇ ਕਿਤੇ ਹੱਥੀ ਬੰਨੇ ਹੋਏ ਕੁੱਪ ਜਰੂਰ ਨਜ਼ਰੀ ਪੈ ਜਾਂਦੇ ਹਨ ਜੋ ਸਾਡੇ ਪੇਂਡੂ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਬਿਆਨ ਕਰਦੇ ਹਨ।