ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵੋਟਾਂ ਦੇ ਬਕਸੇ ਚੁੱਕਣ ਸਮੇਂ ਭੁੱਚੋ ਮੰਡੀ ’ਚ ਹੰਗਾਮਾ

-ਲੋਕਾਂ ਨੇ ਪੁਲਿਸ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਥਾਨਕ ਨਗਰ ਕੌਂਸਲ ਭੁੱਚੋ ਮੰਡੀ ਦੀਆਂ 13 ਵਾਰਡਾਂ ਲਈ ਵੋਟਿੰਗ ਮੰਗਲਵਾਰ ਸ਼ਾਮ 5 ਵਜੇ ਤਕ ਅਮਨ-ਅਮਾਨ ਨਾਲ ਸੰਪੰਨ ਹੋ ਗਈ। ਚੋਣਾਂ ਦੌਰਾਨ ਕੁੱਲ 83.62 ਫੀਸਦੀ ਮਤਦਾਨ ਦਰਜ ਕੀਤਾ ਗਿਆ। ਵੋਟਿੰਗ ਸਮਾਪਤ ਹੋਣ ਤੋਂ ਬਾਅਦ ਜਦੋਂ ਪ੍ਰਸ਼ਾਸਨ ਵੱਲੋਂ ਬੈਲਟ ਬਾਕਸ ਇਕੱਠੇ ਕਰਕੇ ਸਟਰਾਂਗ ਰੂਮਾਂ ਵੱਲ ਭੇਜੇ ਜਾ ਰਹੇ ਸਨ ਤਾਂ ਇਸ ਦੌਰਾਨ ਭੁੱਚੋ ਮੰਡੀ ਦੀ ਬਾਲਿਆਂਵਾਲੀ ਸੜਕ ਤੇ ਬੇਗਾ ਰੋਡ ’ਤੇ ਸਥਿਤ ਸ਼ਿਵਾਲਿਕ ਸਕੂਲ ਨੇੜੇ ਅਚਾਨਕ ਭਾਰੀ ਹੰਗਾਮਾ ਹੋ ਗਿਆ।
ਗੁੱਸੇ ਵਿੱਚ ਆਏ ਲੋਕਾਂ ਨੇ ਪੰਜਾਬ ਪੁਲਿਸ ਦੀ ਇੱਕ ਗੱਡੀ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਹਾਲਾਤ ਤਣਾਅਪੂਰਨ ਬਣ ਗਏ ਅਤੇ ਕੁਝ ਸਮੇਂ ਲਈ ਅਫ਼ਰਾਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਮੌਜੂਦ ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਵਾਰਡ ਨੰਬਰ 4 ਨਾਲ ਸੰਬੰਧਿਤ ਇਕ ਬੈਲਟ ਬਾਕਸ ਨੂੰ ਉਸ ਗੱਡੀ ਵਿੱਚੋਂ ਉਤਾਰ ਕੇ ਕਿਸੇ ਹੋਰ ਗੱਡੀ ਵਿੱਚ ਰੱਖਿਆ ਜਾ ਰਿਹਾ ਸੀ। ਇਸ ਘਟਨਾ ਨੂੰ ਦੇਖਦੇ ਹੀ ਲੋਕਾਂ ਵਿੱਚ ਰੋਸ ਫੈਲ ਗਿਆ ਅਤੇ ਉਹਨਾਂ ਨੇ ਇਸਨੂੰ ਬਕਸਾ ਬਦਲਣ ਦੀ ਕੋਸ਼ਿਸ਼ ਕਰਾਰ ਦਿੱਤਾ। ਵਾਰਡ-4 ਤੋਂ ਕਾਂਗਰਸ ਦੇ ਉਮੀਦਵਾਰ ਦੇ ਸਮਰਥਕ ਮੋਹਨ ਲਾਲ ਪ੍ਰਧਾਨ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਉਹ ਗੱਡੀ ਰੋਕੀ ਗਈ ਜਿਸ ਵਿੱਚ ਉਨ੍ਹਾਂ ਦੇ ਵਾਰਡ ਦੇ ਬਕਸੇ ਲਿਆਂਦੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਸ ਗੱਡੀ ਵਿੱਚੋਂ ਇੱਕ ਬਕਸਾ ਉਤਾਰ ਕੇ ਦੂਜੀ ਗੱਡੀ ਵਿੱਚ “ਚਲਾਕੀ ਨਾਲ” ਰੱਖਿਆ ਗਿਆ, ਜਿਸਦੀ ਉਨ੍ਹਾਂ ਕੋਲ ਵੀਡੀਓਗ੍ਰਾਫੀ ਵੀ ਮੌਜੂਦ ਹੈ। ਮੋਹਨ ਲਾਲ ਪ੍ਰਧਾਨ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਸਾਰਾ ਕੰਮ ‘ਆਪ’ ਨਾਲ ਮਿਲੀਭੁਗਤ ਕਰਕੇ ਕੀਤਾ ਗਿਆ ਹੈ ਅਤੇ ਵੋਟਾਂ ਦੇ ਬਕਸੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੌਕੇ ’ਤੇ ਇਹ ਸਭ ਕੁਝ ਦੇਖਿਆ, ਜਿਸ ਕਾਰਨ ਗੁੱਸਾ ਭੜਕ ਗਿਆ। ਹੰਗਾਮੇ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਆਗੂਆਂ ਦੀ ਮਦਦ ਨਾਲ ਮਾਹੌਲ ’ਤੇ ਕਾਬੂ ਕੀਤਾ। ਬਾਅਦ ’ਚ ਪ੍ਰਸ਼ਾਸਨ ਵੱਲੋਂ ਸਬੰਧਤ ਬਕਸੇ ਨੂੰ ਮੁੜ ਆਪਣੇ ਕਬਜ਼ੇ ਵਿੱਚ ਲਿਆ ਗਿਆ ਅਤੇ ਵੋਟਿੰਗ ਪ੍ਰਕਿਰਿਆ ਨਾਲ ਜੁੜੇ ਕਰਮਚਾਰੀਆਂ ਨੂੰ ਬਾਹਰ ਕੱਢ ਕੇ ਸਥਿਤੀ ਨੂੰ ਸ਼ਾਂਤ ਕੀਤਾ ਗਿਆ। ਇਸ ਦੌਰਾਨ ਕਾਫ਼ੀ ਸਮੇਂ ਤੱਕ ਲੋਕਾਂ ਦੀ ਭੀੜ ਇਕੱਠੀ ਰਹੀ ਅਤੇ ਮੌਕੇ ’ਤੇ ਤਣਾਅ ਬਣਿਆ ਰਿਹਾ। ਮੰਡੀ ਨਿਵਾਸੀਆਂ ਦਾ ਕਹਿਣਾ ਸੀ ਕਿ ਸਾਰਾ ਮਾਮਲਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਜਿਹੜੀਆਂ ਚੋਣਾਂ ਪੂਰੇ ਦਿਨ ਦੌਰਾਨ ਅਮਨ-ਅਮਾਨ ਨਾਲ ਹੋਈਆਂ, ਉਨ੍ਹਾਂ ਦਾ ਮਾਹੌਲ ਬਕਸਿਆਂ ਦੀ ਅਦਲਾ-ਬਦਲੀ ਵਰਗੇ ਸ਼ੱਕੀ ਮਾਮਲਿਆਂ ਕਾਰਨ ਖਰਾਬ ਹੋ ਗਿਆ। ਲੋਕਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਪੂਰੀ ਪਾਰਦਰਸ਼ਤਾ ਅਤੇ ਸਾਵਧਾਨੀ ਵਰਤੀ ਜਾਂਦੀ ਤਾਂ ਅਜਿਹੀ ਸਥਿਤੀ ਪੈਦਾ ਨਾ ਹੁੰਦੀ। ਲੋਕਾਂ ਅਨੁਸਾਰ ਮੁਲਾਜ਼ਮਾਂ ਵੱਲੋਂ ਬਕਸਿਆਂ ਨੂੰ ਬੱਸ ’ਚੋਂ ਕੱਢ ਕੇ ਕਾਰ ’ਚ ਰੱਖਿਆ ਜਾ ਰਿਹਾ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਚੋਣ ਪ੍ਰਕਿਰਿਆ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਕਾਬੂ ਵਿੱਚ ਕਰਨ ਤੋਂ ਬਾਅਦ ਬੈਲਟ ਬਾਕਸਾਂ ਨੂੰ ਸੁਰੱਖਿਆ ਹੇਠ ਸਟਰਾਂਗ ਰੂਮਾਂ ’ਚ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।