ਸੀਯੂਪੀਆਰਡੀਐਫ ਇਨਕਿਊਬੇਟਰ ਅਤੇ ਪਰਾਲੀ ਤੋਂ ਬਣੇ ਪਰਿਆਵਰਣ-ਅਨੁਕੂਲ ਡਿਸਪੋਜ਼ੇਬਲ ਟੇਬਲਵੇਅਰ ਲਈ ਪਾਇਲਟ ਸੁਵਿਧਾ ਸ਼ੁਰੂ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣੇ ਨਵਾਚਾਰ ਅਤੇ ਉੱਦਮਤਾ ਇਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕਰਦਿਆਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਪ੍ਰਾਦਯੋਗਿਕੀ ਮੰਤਰਾਲੇ ਵੱਲੋਂ “ਨਿਧਿ” ਯੋਜਨਾ ਅਧੀਨ ਪ੍ਰਾਯੋਜਿਤ ਸਮਾਵੇਸ਼ੀ ਪ੍ਰੌਦਯੋਗਿਕੀ ਵਪਾਰ ਇਨਕਿਊਬੇਟਰ (ਨਿਧਿ-ਆਈਟੀਬੀਆਈ) ਸੀਯੂਪੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ (ਸੀਯੂਪੀਆਰਡੀਐਫ) ਸੁਵਿਧਾ ਦਾ ਅਧਿਕਾਰਕ ਸ਼ੁਭ ਆਰੰਭ ਕੀਤਾ। ਇਸਦੇ ਨਾਲ ਹੀ ਸੀਯੂਪੀਆਰਡੀਐਫ ਵਿੱਚ ਇਨਕਿਊਬੇਟ ਕੀਤੀ ਗਈ ਝੋਨੇ ਦੀ ਪਰਾਲੀ ਤੋਂ ਟਿਕਾਊ ਡਿਸਪੋਜ਼ੇਬਲ ਟੇਬਲਵੇਅਰ ਤਿਆਰ ਕਰਨ ਵਾਲੀ ਸਟਾਰਟਅੱਪ ਕੰਪਨੀ ਮੈਸਰਜ਼ ਸਸਪੈਕ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਦੀ ਪਾਇਲਟ ਮੈਨਿਊਫੈਕਚਰਿੰਗ ਸੁਵਿਧਾ ਦਾ ਵੀ ਉਦਘਾਟਨ ਕੀਤਾ ਗਿਆ।ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਅਤੇ ਆਈਆਈਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਰਾਜੀਵ ਆਹੂਜਾ, ਸੀਯੂ ਪੰਜਾਬ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ, ਪ੍ਰੋ ਵਾਈਸ ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ, ਵਿਗਿਆਨ ਅਤੇ ਪ੍ਰੌਦਯੋਗਿਕੀ ਵਿਭਾਗ (ਡੀਐਸਟੀ) ਦੇ ਵਿਗਿਆਨੀ-ਸੀ ਡਾ. ਸੀਐੱਸ. ਯਾਦਵ, ਰਜਿਸਟਰਾਰ ਡਾ. ਵਿਜੈ ਸ਼ਰਮਾ ਅਤੇ ਵਿੱਤ ਅਧਿਕਾਰੀ ਡਾ. ਰਾਜ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੁੱਖ ਮਹਿਮਾਨ ਪ੍ਰੋ. ਰਾਜੀਵ ਆਹੂਜਾ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਬੋਰਡ ਮੈਂਬਰਾਂ, ਫੈਕਲਟੀ ਮੈਂਬਰਾਂ, ਖੋਜਾਰਥੀਆਂ, ਸਟਾਰਟਅੱਪ ਸੰਸਥਾਪਕਾਂ, ਨਵਾਚਾਰਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਉਦਘਾਟਨੀ ਤਖ਼ਤੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸੀਯੂਪੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਪ੍ਰੋਜੈਕਟ ਡਾਇਰੈਕਟਰ ਪ੍ਰੋ. (ਡਾ.) ਅੰਜਨਾ ਮੁੰਸ਼ੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਕਸ਼ੈ ਨਾਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੀਯੂਪੀਆਰਡੀਐਫ ਵੱਲੋਂ ਵਿਕਸਿਤ ਕੀਤੀਆਂ ਸੁਵਿਧਾਵਾਂ, ਗਤੀਵਿਧੀਆਂ ਅਤੇ ਨਵਾਚਾਰ ਸੰਬੰਧੀ ਪਹਿਲਕਦਮੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਭਾਰਤ ਸਰਕਾਰ ਦੇ ਵਿਗਿਆਨ ਅਤੇ ਪ੍ਰੌਦਯੋਗਿਕੀ ਵਿਭਾਗ (ਡੀਐਸਟੀ) ਦੀ “ਨਿਧਿ” ਯੋਜਨਾ ਅਧੀਨ ਸਥਾਪਿਤ ਸੀਯੂਪੀਆਰਡੀਐਫ ਦਾ ਉਦੇਸ਼ ਤਕਨਾਲੋਜੀ-ਆਧਾਰਿਤ ਉੱਦਮਾਂ, ਪੇਂਡੂ ਨਵਾਚਾਰਾਂ, ਟਿਕਾਊ ਨਿਰਮਾਣ ਅਤੇ ਉੱਦਮਤਾ ਵਿਕਾਸ ਨੂੰ ਉਤਸ਼ਾਹਿਤ ਕਰਦਿਆਂ ਸਟਾਰਟਅੱਪ ਅਤੇ ਨਵਾਚਾਰ ਇਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਮੈਸਰਜ਼ ਸਸਪੈਕ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਨੂੰ ਸੀਯੂਪੀਆਰਡੀਐਫ ਦੀ ਇਗਨਿਸ਼ਨ ਗ੍ਰਾਂਟ ਯੋਜਨਾ ਅਧੀਨ 8.30 ਲੱਖ ਰੁਪਏ ਦੀ ਵਿੱਤੀ ਅਤੇ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਹ ਸਟਾਰਟਅੱਪ ਝੋਨੇ ਦੀ ਪਰਾਲੀ ਨੂੰ ਪਰਿਆਵਰਣ-ਅਨੁਕੂਲ ਡਿਸਪੋਜ਼ੇਬਲ ਟੇਬਲਵੇਅਰ ਵਿੱਚ ਤਬਦੀਲ ਕਰਨ ਉੱਤੇ ਕੰਮ ਕਰ ਰਹੀ ਹੈ, ਜਿਸ ਨਾਲ ਰਵਾਇਤੀ ਉਤਪਾਦਾਂ ਦੇ ਟਿਕਾਊ ਵਿਕਲਪ ਉਪਲੱਬਧ ਹੋਣ ਦੇ ਨਾਲ-ਨਾਲ ਖੇਤੀਬਾੜੀ ਅਵਸ਼ੇਸ਼ ਪ੍ਰਬੰਧਨ ਨੂੰ ਵੀ ਉਤਸ਼ਾਹ ਮਿਲੇਗਾ। ਉਦਘਾਟਨ ਤੋਂ ਬਾਅਦ ਮਹਿਮਾਨਾਂ ਨੇ ਡੀਐਸਟੀ ਅਤੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਕਸਿਤ ਵੱਖ-ਵੱਖ ਇਨਕਿਊਬੇਸ਼ਨ ਅਤੇ ਨਵਾਚਾਰ ਸੁਵਿਧਾਵਾਂ ਦਾ ਦੌਰਾ ਕੀਤਾ। ਇਨ੍ਹਾਂ ਵਿੱਚ ਪਾਇਲਟ ਪੱਧਰ ਦੀ ਫੂਡ ਪ੍ਰੋਸੈਸਿੰਗ ਸੁਵਿਧਾ, ਡਿਜ਼ਾਇਨ ਐਂਡ ਡਿਵੈਲਪਮੈਂਟ (ਡੀਐਂਡਡੀ) ਲੈਬ, ਫੈਬ੍ਰਿਕੇਸ਼ਨ ਅਤੇ ਮਕੈਨਿਕਲ ਵਰਕਸ਼ਾਪ ਨਾਲ ਯੁਕਤ ਫੈਬ ਲੈਬ, ਅਧੁਨਿਕ ਥ੍ਰੀ-ਡੀ ਪ੍ਰਿੰਟਿੰਗ ਇੰਫਰਾਸਟਰੱਕਚਰ, ਕਾਨਫਰੰਸ ਹਾਲ, ਕੈਫੇਟੇਰੀਆ ਅਤੇ ਸਾਂਝੇ ਸਟਾਰਟਅੱਪ ਦਫ਼ਤਰ ਸ਼ਾਮਲ ਸਨ। ਮਹਿਮਾਨਾਂ ਨੇ ਖੇਤੀਬਾੜੀ ਅਵਸ਼ੇਸ਼ਾਂ ਦੀ ਵਰਤੋਂ, ਸਰਕੁਲਰ ਇਕੋਨੋਮੀ ਨੂੰ ਉਤਸ਼ਾਹਿਤ ਕਰਨ ਵੱਲ ਸਟਾਰਟਅੱਪ ਦੇ ਨਵਾਚਾਰਪੂਰਨ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਤਕਨਾਲੋਜੀਆਂ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਦੇ ਨਾਲ-ਨਾਲ ਰੋਜ਼ਗਾਰ ਸਿਰਜਣ ਅਤੇ ਟਿਕਾਊ ਵਪਾਰਕ ਮੌਕਿਆਂ ਦੇ ਵਿਕਾਸ ਵਿੱਚ ਵੀ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਪ੍ਰੋਗਰਾਮ ਦੌਰਾਨ ਆਯੋਜਿਤ ਇੰਟਰਐਕਟਿਵ ਸੈਸ਼ਨ ਵਿੱਚ ਇਨਕਿਊਬੇਟ ਕੀਤੇ ਗਏ ਸਟਾਰਟਅੱਪਾਂ ਨੇ ਆਪਣੇ ਨਵੀਨਤਾਕਾਰੀ ਉਤਪਾਦਾਂ ਅਤੇ ਤਕਨਾਲੋਜੀਆਂ ਦਾ ਪ੍ਰਦਰਸ਼ਨ ਵੀ ਕੀਤਾ। ਆਯੂਕੇਅਰ ਹੈਲਥਕੇਅਰ ਐਂਡ ਡਾਇਗਨੋਸਟਿਕਸ ਦੇ ਡਾ. ਸੁਨੀਲ ਸਿੰਘ ਅਤੇ ਡਾ. ਰਵਿੰਦਰੇਸ਼ ਛਾਬੜਾ ਨੇ ਸਰਵਾਈਕਲ ਕੈਂਸਰ ਦੀ ਸ਼ੁਰੂਆਤੀ ਜਾਂਚ ਲਈ ਤਿਆਰ-ਵਰਤੋਂਯੋਗ ਐਚਪੀਵੀ ਡਿਟੈਕਸ਼ਨ ਸਟ੍ਰਿਪ ਪੇਸ਼ ਕੀਤੀ। ਉੱਥੇ ਹੀ ਉੱਚਾਰ ਇਨੋਵੇਸ਼ਨਜ਼ ਐਲਐਲਪੀ ਦੀਆਂ ਡਾ. ਮੀਨੂ ਅਰੋੜਾ ਅਤੇ ਡਾ. ਅਰਚਨਾ ਰਾਣੀ ਨੇ ਖੇਤੀਬਾੜੀ ਉਪਯੋਗਾਂ ਲਈ ਧਾਨ ਦੀ ਪਰਾਲੀ ਤੋਂ ਬਾਇਓਚਾਰ ਤਿਆਰ ਕਰਨ ਸੰਬੰਧੀ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਹਰਿਨਾਰਾਇਣ ਰੀਸਾਈਕਲਰਜ਼ ਪ੍ਰਾਈਵੇਟ ਲਿਮਿਟਡ ਦੇ ਡਾ. ਵਿਵੇਕ ਸ਼ਰਮਾ ਨੇ ਪੀਈਟੀ ਅਵਸ਼ੇਸ਼ਾਂ ਦੇ ਪੁਨਰਚੱਕਰੀਕਰਨ ਅਤੇ ਸਰਕੁਲਰ ਇਕੋਨੋਮੀ ਨਾਲ ਸੰਬੰਧਿਤ ਪਹਿਲਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਰਾਜੀਵ ਆਹੂਜਾ ਨੇ ਸੀਯੂਪੀਆਰਡੀਐਫ ਵੱਲੋਂ ਵਿਕਸਿਤ ਕੀਤੇ ਜਾ ਰਹੇ ਮਜ਼ਬੂਤ ਨਵਾਚਾਰ ਇਕੋਸਿਸਟਮ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਇਨਕਿਊਬੇਟਰ ਖੇਤਰ ਵਿੱਚ ਉੱਦਮਤਾ ਅਤੇ ਤਕਨਾਲੋਜੀ ਵਿਕਾਸ ਦਾ ਮਹੱਤਵਪੂਰਨ ਕੇਂਦਰ ਬਣ ਕੇ ਉਭਰੇਗਾ। ਉਨ੍ਹਾਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੇ ਨੇਤ੍ਰਿਤਵ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਮਾਰਗਦਰਸ਼ਨ ਹੇਠ ਯੂਨੀਵਰਸਿਟੀ ਵਿੱਚ ਨਵਾਚਾਰ, ਉੱਦਮਤਾ, ਟਿਕਾਊ ਨਿਰਮਾਣ ਅਤੇ ਸਟਾਰਟਅੱਪ ਸੰਸਕ੍ਰਿਤੀ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ।