ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਿੰਗਲਾ ’ਤੇ ਹਮਲਾ, ਪੁੱਤਰ ਤੇ ਸੁਰੱਖਿਆ ਕਰਮਚਾਰੀ ਸਣੇ 4 ਜ਼ਖ਼ਮੀ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ’ਤੇ ਹਮਲਾ, ਪੁੱਤਰ ਅਤੇ ਸੁਰੱਖਿਆ ਕਰਮਚਾਰੀ ਸਮੇਤ ਚਾਰ ਜਖਮੀ
Publish Date: Tue, 26 May 2026 07:54 PM (IST)
Updated Date: Wed, 27 May 2026 04:10 AM (IST)

* ਸਿੰਗਲਾ ਦੇ ਬਚਾਅ ਲਈ ਸੁਰੱਖਿਆ ਕਰਮੀ ਨੂੰ ਕਰਨੇ ਪਏ ਦੋ ਹਵਾਈ ਫਾਇਰ, ਜ਼ਖ਼ਮੀ ਸਿਵਲ ਹਸਪਤਾਲ ’ਚ ਦਾਖ਼ਲ ਫੋਟੋ:33,36,37 ਕੈਪਸ਼ਨ: ਸਿਵਲ ਹਸਪਤਾਲ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਕੈਪਸ਼ਨ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਿੰਗਲਾ ਦਾ ਸੁਰੱਖਿਆ ਮੁਲਾਜ਼ਮ ਕੈਪਸ਼ਨ: ਸਿਵਲ ਹਸਪਤਾਲ ਵਿਚ ਐਮਐਲਆਰ ਕਟਵਾਉਦਾ ਹੋਇਆ ਸਰੂਪ ਸਿੰਗਲਾ ਦਾ ਪੁੱਤਰ ਦੀਨਵ ਸਿੰਗਲਾ ਗੁਰਤੇਜ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਨਗਰ ਨਿਗਮ ਚੋਣਾਂ ਦੀ ਪੋਲਿੰਗ ਸਮਾਪਤ ਹੋਣ ਤੋਂ ਬਾਅਦ ਸ਼ਹਿਰ ’ਚ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ’ਚ ਸਰੂਪ ਚੰਦ ਸਿੰਗਲਾ, ਉਨ੍ਹਾਂ ਦੇ ਪੁੱਤਰ ਦੀਨਵ ਸਿੰਗਲਾ, ਇਕ ਸੁਰੱਖਿਆ ਕਰਮਚਾਰੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਬਠਿੰਡਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਖ਼ਬਰ ਫੈਲਦੇ ਹੀ ਭਾਜਪਾ ਵਰਕਰਾਂ ਤੇ ਆਗੂਆਂ ’ਚ ਭਾਰੀ ਰੋਸ ਪਾਇਆ ਗਿਆ। ਵੱਡੀ ਗਿਣਤੀ ’ਚ ਭਾਜਪਾ ਆਗੂ, ਵਰਕਰ ਤੇ ਸਰੂਪ ਚੰਦ ਸਿੰਗਲਾ ਦੇ ਸਮਰਥਕ ਸਿਵਲ ਹਸਪਤਾਲ ਪਹੁੰਚ ਗਏ। ਹਸਪਤਾਲ ਦੇ ਬਾਹਰ ਕੁਝ ਸਮੇਂ ਲਈ ਤਣਾਅ ਵਾਲਾ ਮਾਹੌਲ ਬਣਿਆ ਰਿਹਾ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਸਿਵਲ ਹਸਪਤਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ੁਰੂਆਤ ਸੋਮਵਾਰ ਰਾਤ ਤੋਂ ਹੀ ਹੋ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਾਰਡ-2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵੀਰ ਸਿੰਘ ਰਿਪੂ ਆਪਣੇ ਸਾਥੀਆਂ ਸਮੇਤ ਇਕ ਭਾਜਪਾ ਆਗੂ ਦੇ ਘਰ ਦਾਖਲ ਹੋਏ ਸਨ। ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਬਜਾਏ ਭਾਜਪਾ ਵਰਕਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਥਾਣੇ ਦੇ ਬਾਹਰ ਧਰਨਾ ਲਗਾਉਣਾ ਪਿਆ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਰੀਬ 24 ਘੰਟੇ ਬੀਤ ਗਏ ਪਰ ਅਜੇ ਤਕ ‘ਆਪ’ ਉਮੀਦਵਾਰ ਖਿਲਾਫ਼ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਦੇ ਹੌਸਲੇ ਹੋਰ ਵਧ ਗਏ। ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਉਹ ਵਾਰਡ ਨੰਬਰ 2 ’ਚ ਆਪਣੇ ਸਮਰਥਕਾਂ ਦੇ ਘਰ ਜਾ ਰਹੇ ਸਨ। ਉਨ੍ਹਾਂ ਮੁਤਾਬਕ ਇਸ ਦੌਰਾਨ ‘ਆਪ’ ਉਮੀਦਵਾਰ ਤੇ ਉਸਦੇ ਸਾਥੀਆਂ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਧੱਕਾ-ਮੁੱਕੀ ਤੇ ਮਾਰਕੁੱਟ ਕੀਤੀ, ਜਿਸ ’ਚ ਉਨ੍ਹਾਂ ਦੇ ਇਕ ਸਮਰਥਕ ਦਾ ਸਿਰ ਪਾਟ ਗਿਆ ਤੇ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋ ਗਿਆ। ਸਿੰਗਲਾ ਨੇ ਦੋਸ਼ ਲਾਇਆ ਕਿ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਖੁੱਲ੍ਹੇਆਮ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਨਿਰਪੱਖ ਭੂਮਿਕਾ ਨਿਭਾਉਣ ਦੀ ਬਜਾਏ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸਰਪ੍ਰਸਤੀ ਕਰਦਾ ਨਜ਼ਰ ਆਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸ਼ਹਿਰ ਦਾ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ। ਨਗਰ ਨਿਗਮ ਚੋਣਾਂ ਦੌਰਾਨ ਪਹਿਲਾਂ ਹੀ ਵੱਖ-ਵੱਖ ਵਾਰਡਾਂ ’ਚ ਤਣਾਅਪੂਰਨ ਸਥਿਤੀਆਂ ਬਣ ਰਹੀਆਂ ਸਨ ਅਤੇ ਹੁਣ ਇਸ ਹਮਲੇ ਨੇ ਸਿਆਸੀ ਟਕਰਾਅ ਨੂੰ ਹੋਰ ਭੜਕਾ ਦਿੱਤਾ ਹੈ। ਭਾਜਪਾ ਆਗੂਆਂ ਨੇ ਇਸ ਮਾਮਲੇ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। ਭਾਜਪਾ ਪ੍ਰਧਾਨ ਤੇ ਸਾਬਕਾ ਵਿਧਾਇਕ ਦੇ ਸੁਰੱਖਿਆ ਕਰਮਚਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ 20 ਤੋਂ 30 ਵਿਅਕਤੀਆਂ ਨੇ ਇੱਟਾਂ-ਰੋੜਿਆਂ ਨਾਲ ਸਿੰਗਲਾ ’ਤੇ ਹਮਲਾ ਕਰ ਦਿੱਤਾ। ੳਸ ਨੇ ਸਿੰਗਲਾ ਨੂੰ ਸਰੁੱਖਿਅਤ ਰੱਖਣ ਲਈ ਦੋ ਹਵਾਈ ਫਾਇਰ ਵੀ ਕੀਤੇ ਤੇ ਉਨ੍ਹਾਂ ਨੂੰ ਬਚਾ ਕੇ ਗੱਡੀ ’ਚ ਬੈਠਾ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਉੱਪਰ ਵੀ ਹਮਲਾ ਕੀਤਾ ਤੇ ਵਰਦੀ ਪਾੜ ਦਿੱਤੀ। ਡੀਐੱਸਪੀ ਅਰੁਣ ਮੁੰਡਨ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।