ਫਿਰਕੂ ਮੁੱਦਿਆਂ ਰਾਹੀਂ ਲੋਕ ਏਕਤਾ ਨੂੰ ਤੋੜਨ ਦੇ ਯਤਨ
ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮੁਲਕ ਅੰਦਰ ਵਧ ਰਹੇ ਫਿਰਕੂ ਫਾਸ਼ੀ ਹੱਲੇ ਤੇ ਸਾਮਰਾਜੀ ਨੀਤੀਆਂ ਦੇ ਵਿਰੁੱਧ ਜਨਤਕ ਸੰਘਰਸ਼ਾਂ ਨੂੰ ਤੇਜ਼ ਕਰਨ ਤੇ ਇਨ੍ਹਾਂ ਨੂੰ ਇੱਕ ਨਵੀਂ ਇਨਕਲਾਬੀ ਦਿਸ਼ਾ ਦੇਣ ਲਈ ਬਰਨਾਲਾ ਵਿਖੇ 30 ਮਈ ਨੂੰ ਇਕ ਵਿਸ਼ਾਲ ਸੂਬਾਈ ਕਨਵੈਨਸ਼ਨ ਕਰਵਾਈ ਜਾ ਰਹੀ ਹੈ।
Publish Date: Mon, 25 May 2026 05:25 PM (IST)
Updated Date: Tue, 26 May 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮੁਲਕ ਅੰਦਰ ਵਧ ਰਹੇ ਫਿਰਕੂ ਫਾਸ਼ੀ ਹੱਲੇ ਤੇ ਸਾਮਰਾਜੀ ਨੀਤੀਆਂ ਦੇ ਵਿਰੁੱਧ ਜਨਤਕ ਸੰਘਰਸ਼ਾਂ ਨੂੰ ਤੇਜ਼ ਕਰਨ ਤੇ ਇਨ੍ਹਾਂ ਨੂੰ ਇੱਕ ਨਵੀਂ ਇਨਕਲਾਬੀ ਦਿਸ਼ਾ ਦੇਣ ਲਈ ਬਰਨਾਲਾ ਵਿਖੇ 30 ਮਈ ਨੂੰ ਇਕ ਵਿਸ਼ਾਲ ਸੂਬਾਈ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਦੋਵਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ ਬਠਿੰਡਾ ਵਿਖੇ ਹੋਈ ਇੱਕ ਸਾਂਝੀ ਬੈਠਕ ਤੋਂ ਬਾਅਦ ਜਾਰੀ ਬਿਆਨ ਵਿੱਚ ਜਗਮੇਲ ਸਿੰਘ ਤੇ ਨਰਾਇਣ ਦੱਤ ਨੇ ਦੱਸਿਆ ਕਿ ਮੋਦੀ ਹਕੂਮਤ ਫਿਰਕੂ ਫਾਸ਼ੀਵਾਦ ਦੀ ਆੜ ਹੇਠ ਲੋਕ-ਮਾਰੂ ਸਾਮਰਾਜੀ ਆਰਥਿਕ ਨੀਤੀਆਂ ਨੂੰ ਦੇਸ਼ 'ਤੇ ਜ਼ਬਰਦਸਤੀ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ-ਈਰਾਨ ਤਣਾਅ ਦੇ ਬਹਾਨੇ ਮਹਿੰਗਾਈ ਵਧਾ ਕੇ ਆਮ ਜਨਤਾ ਦੀ ਜੇਬ 'ਤੇ ਹੋਰ ਬੋਝ ਪਾਇਆ ਜਾ ਰਿਹਾ ਹੈ। ਆਗੂਆਂ ਨੇ ਸੂਬਾ ਸਰਕਾਰ 'ਤੇ ਵੀ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਦੀਆਂ ਨੀਤੀਆਂ 'ਤੇ ਚੱਲਦਿਆਂ ਸੰਘਰਸ਼ੀ ਲੋਕਾਂ ਦੀ ਜ਼ੁਬਾਨਬੰਦੀ ਕਰਨ ਤੇ ਅੰਦੋਲਨਾਂ ਨੂੰ ਕੁਚਲਣ ਲਈ ਜਬਰ ਦਾ ਸਹਾਰਾ ਲੈ ਰਹੀ ਹੈ। ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਲੋਕਾਂ ਦੇ ਅਸਲ ਮੁੱਦਿਆਂ ਨੂੰ ਗਾਇਬ ਕਰਕੇ ਭਰਮਾਊ ਤੇ ਫਿਰਕੂ ਮੁੱਦਿਆਂ ਰਾਹੀਂ ਲੋਕਾਂ ਦੀ ਏਕਤਾ ਨੂੰ ਤੋੜਨ ’ਚ ਲੱਗੀਆਂ ਹਨ। ਇਸੇ ਦੌਰਾਨ ਸੁਖਵਿੰਦਰ ਸਿੰਘ ਅਤੇ ਜਗਜੀਤ ਲਹਿਰਾ ਨੇ ਦੱਸਿਆ ਕਿ 30 ਮਈ ਦੀ ਕਨਵੈਨਸ਼ਨ ਦੌਰਾਨ ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਨ, ਕਾਲੇ ਕਾਨੂੰਨ ਐੱਨਐੱਸਏ., ਯੂਏਪੀਏ., ਅਫ਼ਸਪਾ ਖ਼ਤਮ ਕਰਨ ਅਤੇ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਨੂੰ ਤੁਰੰਤ ਕਰਨ ਵਰਗੀਆਂ ਅਹਿਮ ਮੰਗਾਂ ਸਬੰਧੀ ਅਗਲੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।