ਕੋਟਸ਼ਮੀਰ ਨਗਰ ਪੰਚਾਇਤ ’ਚ ਮੁਕਾਬਲਾ ਹੋਵੇਗਾ ਰੌਚਕ
ਕੋਟਸਮੀਰ ਨਗਰ ਪੰਚਾਇਤ ਵਿਚ ਮੁਕਾਬਲਾ ਹੋਵੇਗਾ ਦਿਲਚਸਪ ਤੇ ਰੌਚਕ
Publish Date: Sun, 24 May 2026 04:47 PM (IST)
Updated Date: Mon, 25 May 2026 04:05 AM (IST)
-ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਨਗਰ ਪੰਚਾਇਤ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਪਿੰਡ ਕੋਟ ਸ਼ਮੀਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਪਿੰਡ ਵਿੱਚ ਮੌਜੂਦ ਤਿੰਨਾਂ ਮੁੱਖ ਸਿਆਸੀ ਧਿਰਾਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਐਤਵਾਰ ਨੂੰ ਚੋਣ ਪ੍ਰਚਾਰ ਦੇ ਸਮਾਪਤ ਹੋਣ ਤੋਂ ਪਹਿਲਾਂ ਤਿੰਨਾਂ ਧਿਰਾਂ ਵੱਲੋਂ ਆਪਣੇ ਸਾਰੇ ਉਮੀਦਵਾਰਾਂ, ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਇਕੱਠਾ ਕਰਕੇ ਪਿੰਡ ਵਿੱਚ ਵਿਸ਼ਾਲ ਡੋਰ-ਟੂ-ਡੋਰ ਮੁਹਿੰਮ ਅਤੇ ਰੈਲੀ ਕੱਢੀ ਗਈ। ਪਿੰਡ ਦੀਆਂ ਗਲੀਆਂ ਅਤੇ ਮੁੱਖ ਸੜਕਾਂ ‘ਤੇ ਸਾਰਾ ਦਿਨ ਚੋਣੀ ਰੌਣਕ ਬਣੀ ਰਹੀ। ਵੱਖ-ਵੱਖ ਧਿਰਾਂ ਵੱਲੋਂ ਟਰੈਕਟਰ-ਟਰਾਲੀਆਂ, ਗੱਡੀਆਂ ਅਤੇ ਪੈਦਲ ਮਾਰਚ ਰਾਹੀਂ ਪੂਰੇ ਪਿੰਡ ਵਿੱਚ ਇੱਕ ਵੱਡੀ ਚੋਣੀ ਰੈਲੀ ਦਾ ਮਾਹੌਲ ਤਿਆਰ ਕੀਤਾ ਗਿਆ। ਹਰ ਧਿਰ ਦੇ ਵਰਕਰ ਆਪਣੇ-ਆਪਣੇ ਝੰਡੇ ਅਤੇ ਨਾਅਰਿਆਂ ਨਾਲ ਉਮੀਦਵਾਰਾਂ ਦੇ ਹੱਕ ਵਿੱਚ ਲੋਕਾਂ ਤੱਕ ਪਹੁੰਚੇ ਅਤੇ ਘਰ-ਘਰ ਜਾ ਕੇ ਸਮਰਥਨ ਮੰਗਿਆ। ਚੋਣੀ ਰੈਲੀਆਂ ਦੌਰਾਨ ਪਿੰਡ ਦੇ ਹਰ ਕੋਨੇ ਵਿੱਚ ਸਿਆਸੀ ਚਰਚਾਵਾਂ, ਨਾਅਰੇਬਾਜ਼ੀ ਅਤੇ ਵਰਕਰਾਂ ਦਾ ਜੋਸ਼ ਸਾਫ਼ ਤੌਰ ‘ਤੇ ਵੇਖਣ ਨੂੰ ਮਿਲਿਆ। ਤਿੰਨਾਂ ਧਿਰਾਂ ਦੇ ਆਗੂ ਵੀ ਇੱਕਜੁੱਟ ਹੋ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਡੱਟੇ ਨਜ਼ਰ ਆਏ। ਕਈ ਥਾਵਾਂ ’ਤੇ ਲੋਕਾਂ ਵੱਲੋਂ ਉਮੀਦਵਾਰਾਂ ਅਤੇ ਰੈਲੀਆਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ, ਜਿਸ ਨਾਲ ਚੋਣੀ ਮਾਹੌਲ ਹੋਰ ਗਰਮਾ ਗਿਆ।
ਡੋਰ-ਟੂ-ਡੋਰ ਮੁਹਿੰਮਾਂ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾਵਾਂ ਦੀ ਸ਼ਮੂਲੀਅਤ ਵੀ ਚਰਚਾ ਦਾ ਕੇਂਦਰ ਰਹੀ। ਵਰਕਰਾਂ ਵਿੱਚ ਆਪਣੇ-ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਪਿੰਡ ਵਿੱਚ ਨਿਕਲੇ ਵੱਡੇ ਚੋਣੀ ਗੇੜਿਆਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਖਾਸ ਦਿਲਚਸਪੀ ਬਣੀ ਹੋਈ ਹੈ ਅਤੇ ਹਰ ਧਿਰ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੀ ਹੋਈ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨਾਂ ਵਿੱਚ ਨਿਕਲੀਆਂ ਇਹ ਵਿਸ਼ਾਲ ਰੈਲੀਆਂ ਹੁਣ ਪਿੰਡ ਦੀ ਸਿਆਸਤ ਵਿੱਚ ਚਰਚਾ ਦਾ ਮੁੱਖ ਵਿਸ਼ਾ ਬਣ ਚੁੱਕੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੋਟ ਸ਼ਮੀਰ ਵਿੱਚ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਅਤੇ ਟੱਕਰ ਦਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਹਰ ਧਿਰ ਆਖ਼ਰੀ ਪਲ ਤੱਕ ਪੂਰਾ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈ।