ਜਥੇਦਾਰ ਖੁੱਡੀਆਂ ਨੇ ਦਿੱਲੀ ਦੇ ਆਗੂਆਂ ਨੂੰ ਪੰਜਾਬ ਦਾ ਸ਼ੀਸ਼ਾ ਵਿਖਾਇਆ : ਦਰਸ਼ਨ ਸਿੰਘ ਪੂਹਲਾ
ਜਥੇਦਾਰ ਖੁੱਡੀਆਂ ਨੇ ਦਿੱਲੀ ਦੇ ਆਗੂਆਂ ਨੂੰ ਪੰਜਾਬ ਦਾ ਅਸਲੀ ਸ਼ੀਸਾ ਵਿਖਾਇਆ: ਦਰਸ਼ਨ ਸਿੰਘ ਪੂਹਲਾ
Publish Date: Fri, 22 May 2026 07:01 PM (IST)
Updated Date: Sat, 23 May 2026 04:11 AM (IST)

-ਮੰਤਰੀ ਖੁੱਡੀਆਂ ਨੇ ਲੋਕ ਭਾਵਨਾਵਾਂ ਦੀ ਕੀਤੀ ਕਦਰ : ਗੁਰਬਖਸ਼ੀਸ਼ ਸਿੰਘ, ਦੋਵਾਂ ਆਗੂਆਂ ਅਨੁਸਾਰ ਸੂਬੇ ਦੇ ਲੋਕ ਭਗਵੰਤ ਮਾਨ ਨੂੰ ਕਰਦੇ ਹਨ ਪਸੰਦ 30) ਦਰਸ਼ਨ ਸਿੰਘ ਪੂਹਲਾ। 31) ਗੁਰਬਖਸ਼ੀਸ਼ ਸਿੰਘ ਪੂਹਲਾ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹਾਲ ਹੀ ਵਿੱਚ ਦਿੱਲੀ ਦੇ ਆਗੂਆਂ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮਰਹੂਮ ਜਥੇਦਾਰ ਸਿੰਘ ਸਾਹਿਬ ਜੰਗੀਰ ਸਿੰਘ ਪੂਹਲਾ ਦੇ ਭਤੀਜੇ ਸੇਵਾ ਮੁਕਤ ਕੋਆਪਰੇਟਿਵ ਬੈਂਕ ਮੈਨੇਜ਼ਰ ਦਰਸ਼ਨ ਸਿੰਘ ਪੂਹਲਾ ਨੇ ਕਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਹੱਕ ਵਿੱਚ ਖੜ੍ਹ ਕੇ ਬਹਾਦਰੀ ਤੇ ਸੱਚਾਈ ’ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੁੱਡੀਆਂ ਨੇ ਦਿੱਲੀ ਦੇ ਆਗੂਆਂ ਨੂੰ ਅਸਲੀ ਸ਼ੀਸ਼ਾ ਵਿਖਾਉਣ ਦਾ ਕੰਮ ਕੀਤਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਦੀ ਭਾਵਨਾ ਸਾਫ਼ ਤੌਰ ’ਤੇ ਸਾਹਮਣੇ ਆਈ ਹੈ। ਸੇਵਾ ਮੁਕਤ ਬੈਂਕ ਮੈਨੇਜ਼ਰ ਪੂਹਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਅਸਲ ਪਸੰਦ ਭਗਵੰਤ ਸਿੰਘ ਮਾਨ ਹਨ, ਨਾ ਕਿ ਦਿੱਲੀ ਦੇ ਕੋਈ ਹੋਰ ਆਗੂ। ਪੰਜਾਬ ਦੇ ਲੋਕ ਆਪਣੇ ਫੈਸਲੇ ਖੁਦ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹ ਕਿਸੇ ਬਾਹਰੀ ਦਬਾਅ ਨੂੰ ਕਦੇ ਕਬੂਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜੇਕਰ ਮਨੀਸ਼ ਸਿਸੋਦੀਆ ਜਾਂ ਹੋਰ ਦਿੱਲੀ ਦੇ ਆਗੂਆਂ ਨੂੰ ਪੰਜਾਬ ਵਿੱਚ ਆਪਣੀ ਲੋਕਪ੍ਰਿਯਤਾ ਬਾਰੇ ਕੋਈ ਭੁਲੇਖਾ ਹੈ ਤਾਂ ਉਹ ਪੰਜਾਬ ਦੀ ਧਰਤੀ ਤੋਂ ਚੋਣ ਲੜ ਕੇ ਵੇਖ ਲੈਣ, ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਇਸ ਮੌਕੇ ਸਬ ਇੰਸਪੈਕਟਰ ਗੁਰਬਖਸ਼ੀਸ਼ ਸਿੰਘ ਪੂਹਲਾ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਆਪਣੀ ਵੱਖਰੀ ਪਹਿਚਾਣ, ਸੱਭਿਆਚਾਰ ਅਤੇ ਸੋਚ ਹੈ। ਪੰਜਾਬ ਦੇ ਲੋਕ ਕਦੇ ਵੀ ਦਿੱਲੀ ਦੀ ਆਨ ਜਾਂ ਦਬਦਬੇ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਆਪਣੇ ਹੱਕਾਂ ਲਈ ਡਟ ਕੇ ਖੜ੍ਹਿਆ ਹੈ ਅਤੇ ਭਵਿੱਖ ’ਚ ਵੀ ਖੜ੍ਹਦਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇਤਾ ਹਨ ਅਤੇ ਲੋਕਾਂ ਦੇ ਦੁੱਖ-ਦਰਦ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਸੱਚੇ ਸਪੂਤ ਹਨ। ਉਨ੍ਹਾਂ ਦਾ ਇਹ ਬਿਆਨ ਸਿਰਫ਼ ਇਕ ਰਾਜਨੀਤਿਕ ਪ੍ਰਤੀਕਿਰਿਆ ਨਹੀਂ, ਸਗੋਂ ਪੰਜਾਬ ਦੀ ਆਤਮ-ਸਨਮਾਨ ਤੇ ਖੁਦਮੁਖਤਿਆਰੀ ਦੀ ਆਵਾਜ਼ ਹੈ। ਉਨ੍ਹਾਂ ਹੋਰ ਵਿਧਾਇਕਾਂ ਅਤੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹੱਕਾਂ ਲਈ ਖੁੱਲ੍ਹ ਕੇ ਬੋਲਣ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਨ। ਦਰਸ਼ਨ ਸਿੰਘ ਪੂਹਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ ਆਗੂਆਂ ਨੂੰ ਸਨਮਾਨ ਦਿੰਦੇ ਹਨ ਜੋ ਪੰਜਾਬ ਦੀ ਮਿੱਟੀ, ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਲਈ ਡਟ ਕੇ ਖੜ੍ਹਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਂ ਹੈ ਕਿ ਸਾਰੇ ਪੰਜਾਬੀ ਇਕੱਠੇ ਹੋ ਕੇ ਆਪਣੇ ਸੂਬੇ ਦੇ ਹੱਕਾਂ ਅਤੇ ਅਸਤੀਤਵ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨ।