ਐਡਵੋਕੇਟ ਸੰਦੀਪ ਪਾਠਕ ਦੀ ਗ੍ਰਿਫ਼ਤਾਰੀ ’ਤੇ ਰੋਸ, ਵਕੀਲਾਂ ਵੱਲੋਂ ਹੜਤਾਲ ਦਾ ਐਲਾਨ, ਇਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ

- ਇਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ, ਕੇਂਦਰ ਸਰਕਾਰ ਨੇ ਪਾਠਕ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਹੀਆ ਕਰਵਾਉਣ ਦੇ ਦਿੱਤੇ ਸਨ ਆਦੇਸ਼
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਹਿੰਦੂ ਮਹਾਗਠਬੰਧਨ ਦੇ ਆਗੂ ਅਤੇ ਐਡਵੋਕੇਟ ਸੰਦੀਪ ਪਾਠਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਹਿਰ ਵਿੱਚ ਰੋਸ ਦਾ ਮਾਹੌਲ ਬਣ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਵਕੀਲ ਭਾਈਚਾਰੇ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰੀ ਦੇ ਵਿਰੋਧ ਵਜੋਂ ਸ਼ੁੱਕਰਵਾਰ ਨੂੰ ਵਕੀਲਾਂ ਵੱਲੋਂ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਦੌਰਾਨ ਅਦਾਲਤ ਵਿੱਚ ਪੇਸ਼ ਕੀਤੇ ਗਏ ਸੰਦੀਪ ਪਾਠਕ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਐਡਵੋਕੇਟ ਪਾਠਕ ਖ਼ਿਲਾਫ਼ ਇਕ ਸੰਵੇਦਨਸ਼ੀਲ ਦਸਤਾਵੇਜ਼ ਲੀਕ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਵਕੀਲਾਂ ਅਤੇ ਹਿੰਦੂ ਮਹਾਗਠਬੰਧਨ ਦੇ ਆਗੂਆਂ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਬਦਲੇ ਦੀ ਭਾਵਨਾ ਨਾਲ ਕੀਤੀ ਕਾਰਵਾਈ ਕਰਾਰ ਦਿੱਤਾ ਹੈ।
ਇਸ ਮੌਕੇ ਅਦਾਲਤ ਵਿੱਚ ਸੁਣਵਾਈ ਦੌਰਾਨ ਵਕੀਲਾਂ ਨੇ ਦਲੀਲ ਦਿੱਤੀ ਕਿ ਸੰਦੀਪ ਪਾਠਕ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕੋਈ ਅਜਿਹਾ ਡਾਕੂਮੈਂਟ ਲੀਕ ਨਹੀਂ ਕੀਤਾ, ਜਿਸ ਨਾਲ ਕਿਸੇ ਵਿਅਕਤੀ ਜਾਂ ਸੰਸਥਾ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਹੋਵੇ। ਵਕੀਲਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਨੂੰ ਬੇਵਜ੍ਹਾ ਗੰਭੀਰ ਰੂਪ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਸੰਦੀਪ ਪਾਠਕ ਨੇ ਸਿਰਫ਼ ਆਪਣੀ ਸੁਰੱਖਿਆ ਨਾਲ ਸਬੰਧਿਤ ਇਕ ਪੱਤਰ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਸੰਦੀਪ ਪਾਠਕ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਇਕ ਪੱਤਰ ਐੱਸਐੱਸਪੀ ਦਫ਼ਤਰ ਨੂੰ ਭੇਜਿਆ ਗਿਆ ਸੀ, ਪਰ ਉਹ ਪੱਤਰ ਪੁਲਿਸ ਵੱਲੋਂ ਜਨਤਕ ਨਹੀਂ ਕੀਤਾ ਗਿਆ ਅਤੇ ਦੱਬ ਕੇ ਰੱਖਿਆ ਗਿਆ ਸੀ। ਮਹੇਸ਼ਵਰੀ ਮੁਤਾਬਿਕ ਇਹ ਪੱਤਰ ਕਿਸੇ ਤਰੀਕੇ ਨਾਲ ਸੰਦੀਪ ਪਾਠਕ ਕੋਲ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਨੇ ਇਹ ਪੱਤਰ ਇਕ ਪੁਲਿਸ ਅਧਿਕਾਰੀ ਨੂੰ ਭੇਜ ਕੇ ਸੁਰੱਖਿਆ ਦੀ ਮੰਗ ਕੀਤੀ ਸੀ, ਪਰ ਪੁਲਿਸ ਨੇ ਸੁਰੱਖਿਆ ਦੇਣ ਦੀ ਬਜਾਏ ਉਸ ਖ਼ਿਲਾਫ਼ ਸੀਕਰੇਟ ਡਾਕੂਮੈਂਟ ਲੀਕ ਕਰਨ ਦਾ ਕੇਸ ਦਰਜ ਕਰ ਦਿੱਤਾ। ਵਕੀਲਾਂ ਦਾ ਕਹਿਣਾ ਹੈ ਕਿ ਇੱਕ ਐਡਵੋਕੇਟ ਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਕਰਨਾ ਗਲਤ ਹੈ। ਇਸੇ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਵਕੀਲਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਅਤੇ ਅਦਾਲਤੀ ਕੰਮਕਾਜ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਗਿਆ ਹੈ। ਦੂਜੇ ਪਾਸੇ ਸਮਾਜ ਸੇਵੀ ਜਥਬੰਦੀਆਂ ਨੇ ਮੀਟਿੰਗ ਕਰ ਕੇ ਪਾਠਕ ਦੀ ਗ੍ਰਿਫ਼ਤਾਰੀ ਦੀ ਸਖਤ ਨਿਖੇਧੀ ਕੀਤੀ ਹੈ।