ਝੂਠ ਬੋਲਕੇ ਸੱਤਾ ਵਿੱਚ ਆਈ ਆਪ, ਹਰ ਵਰਗ ਦੇ ਲੋਕਾਂ ਦਾ ਮੋਹ ਭੰਗ: ਮਲੂਕਾ

- ਮਲੂਕਾ ਤੋਂ ‘ਆਪ’ ਦੀ ਉਮੀਦਵਾਰ ਅਕਾਲੀ ਦਲ ’ਚ ਸ਼ਾਮਲ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਹਲਕਾ ਰਾਮਪੁਰਾ ਫੂਲ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਸਿਆਸੀ ਬਲ ਮਿਲਿਆ, ਜਦੋਂ ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਹਰਪਾਲ ਕੌਰ ਪਤਨੀ ਨਾਇਬ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਪੰਚਾਇਤ ਮਲੂਕਾ ਦੇ 11 ਵਾਰਡਾਂ ਵਿੱਚੋਂ ਚੋਣ ਲੜ ਰਿਹਾ ਸੀ, ਪਰ ਵਾਰਡ ਨੰਬਰ 3 ਤੋਂ ਅਕਾਲੀ ਉਮੀਦਵਾਰ ਦੇ ਧੱਕੇ ਨਾਲ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ, ਜਿਸ ਕਰ ਕੇ ਆਪ ਅਤੇ ਕਾਂਗਰਸ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ। ਪਰ ਹੁਣ ‘ਆਪ’ ਉਮੀਦਵਾਰ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ‘ਆਪ’ ਆਗੂਆਂ ਨੂੰ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਹਰਪਾਲ ਕੌਰ ਪਤਨੀ ਨਾਇਬ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਮਲੂਕਾ ਨੇ ਦਾਅਵਾ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਨਗਰ ਪੰਚਾਇਤ ਮਲੂਕਾ ਦੇ 11 ਵਾਰਡਾਂ ਤੋਂ ਅਤੇ ਹਲਕੇ ਦੀਆਂ 5 ਨਗਰ ਪੰਚਾਇਤਾਂ ਤੇ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦੀ ਹਨੇਰੀ ਚੱਲ ਰਹੀ ਹੈ ਵੱਡੀ ਗਿਣਤੀ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੀ ਸਰਕਾਰ ਸਮੇਂ ਵੱਡੇ ਪੱਧਰ ’ਤੇ ਕਰਵਾਏ ਵਿਕਾਸ ਕਾਰਜਾਂ ਅਤੇ ਦਿੱਤੀਆਂ ਸਹੂਲਤਾਂ ਨੂੰ ਯਾਦ ਕਰਦਿਆਂ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਝੂਠ ਬੋਲ ਕੇ ਸੱਤਾ ਵਿੱਚ ਆਈ ਸੀ, ਹੁਣ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਚੁੱਕਾ ਹੈ। ਪੰਜਾਬ ਦੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਉਹ 2027 ਵਿੱਚ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਕਾਹਲੇ ਹਨ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਮਲੂਕਾ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਆਦਿ ਹਾਜ਼ਰ ਸਨ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਹਰਪਾਲ ਕੌਰ ਪਤਨੀ ਨਾਇਬ ਸਿੰਘ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੋ ਗਏ ਹਨ ਪਰ ਉਹ ਚੋਣ ਨਿਸ਼ਾਨ ਮਿਲਣ ਕਰਕੇ ਚੋਣ ਨਿਸ਼ਾਨ ਝਾੜੂ ’ਤੇ ਹੀ ਚੋਣ ਲੜਨਗੇ। ਸਿਆਸੀ ਲੋਕਾਂ ਵਿਚ ਖੂਬ ਚਰਚਾ ਹੋ ਰਹੀ ਹੈ ਕਿ ਹੁਣ ਅਕਾਲੀ ਦਲ ਦੇ ਵੋਟਰਾਂ ਨੂੰ ਹਰਪਾਲ ਕੌਰ ਦੀ ਜਿੱਤ ਲਈ ਝਾੜੂ ਦੇ ਨਿਸ਼ਾਨ ’ਤੇ ਮੋਹਰ ਲਾਉਣੀ ਪਵੇਗੀ।