ਇਨਸਾਫ ਲਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਐਸਐਸਪੀ ਦਫਤਰ ਅੱਗੇ ਲਗਾਇਆ ਧਰਨਾ

- ਅਕਾਲੀ ਆਗੂ ਨਿਰਮਲ ਟੀਟੂ ਦੇ ਕਤਲ ਦਾ ਮਾਮਲਾ
- ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਐੱਸਐੱਚਓ ਖ਼ਿਲਾਫ਼ ਕਾਰਵਾਈ ਦੀ ਮੰਗ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਿਰਮਲ ਸਿੰਘ ਟੀਟੂ ਵਾਸੀ ਸੈਣੇਵਾਲਾ ਦੇ ਕਤਲ ਵਿੱਚ ਇਨਸਾਫ਼ ਲੈਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਲਾਇਆ। ਇਸ ਦੌਰਾਨ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਟੀਟੂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਐੱਸਐੱਚਓ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਜਾਣਗੇ। ਮ੍ਰਿਤਕ ਦੇ ਪੁੱਤਰ ਗੋਪੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਭੂਆ ਉਨ੍ਹਾਂ ਕੋਲ ਰਹਿ ਰਹੀ ਸੀ। ਪੀੜਤ ਨੇ ਦੱਸਿਆ ਕਿ ਭੂਆ ਦੇ ਨਾਮ ਕਰੋੜਾਂ ਰੁਪਏ ਦੀ ਜ਼ਮੀਨ ਜਾਇਦਾਦ ਹੈ, ਜਿਸ ਨੂੰ ਹੜੱਪ ਕਰਨ ਲਈ ਉਸ ਦੇ ਪਿਤਾ ਅਤੇ ਉਸ ਦੀ ਮਾਤਾ ਖ਼ਿਲਾਫ਼ ਭੂਆ ਨੂੰ ਅਗਵਾ ਕਰਨ ਦਾ ਝੂਠਾ ਕੇਸ ਥਾਣੇ ’ਚ ਦਰਜ ਕੀਤਾ ਗਿਆ। ਪੀੜਤ ਨੇ ਦੱਸਿਆ ਕਿ 29 ਅਪ੍ਰੈਲ ਨੂੰ ਐੱਸਐੱਚਓ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਪਹੁੰਚੀ।
ਇਸ ਦੌਰਾਨ ਉਸ ਦੇ ਪਿਤਾ ਨੇ ਜਿੱਥੇ 112 ’ਤੇ ਸ਼ਿਕਾਇਤ ਦਰਜ ਕਰਵਾਈ, ਉੱਥੇ ਹੀ ਪੁਲਿਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਨਾਲ ਆਏ ਸਾਦੇ ਕੱਪੜਿਆਂ ਵਿੱਚ ਲੋਕਾਂ ਨੇ ਉਸ ਦੇ ਪਿਤਾ ਉੱਪਰ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਕੁਝ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਪੀੜਤ ਨੇ ਦੱਸਿਆ ਕਿ ਭਾਵੇਂ ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਪਰ ਹਾਲੇ ਤਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਉਹ ਸ਼ਰੇਆਮ ਬਾਹਰ ਘੁੰਮਦੇ ਹੋਏ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਨੌਜਵਾਨ ਨੇ ਕਿਹਾ ਕਿ ਉਸ ਦੇ ਪਿਤਾ ਦਾ ਕਤਲ ਐੱਸਐੱਚਓ ਨੇ ਕਰਵਾਇਆ ਹੈ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਖ਼ਿਲਾਫ਼ ਭੂਆ ਨੂੰ ਅਗਵਾ ਕਰਨ ਦਾ ਦਰਜ ਕੀਤਾ ਝੂਠਾ ਕੇਸ ਰੱਦ ਕੀਤਾ ਜਾਵੇ। ਐੱਸਐੱਚਓ ਨੂੰ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇ ਅਤੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਇਨਸਾਫ਼ ਲਈ ਐੱਸਐੱਸਪੀ ਬਠਿੰਡਾ ਡਾਕਟਰ ਜਯੋਤੀ ਯਾਦਵ ਨੂੰ ਵੀ ਮਿਲੇ ਸਨ, ਜਿਨ੍ਹਾਂ ਦੋ ਦਿਨਾਂ ਵਿੱਚ ਮੁਲਜ਼ਮਾਂ ਨੂੰ ਫੜਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਪੰਜ ਦਿਨ ਬੀਤ ਗਏ ਹਨ ਪੁਲਿਸ ਨੇ ਕੁਝ ਨਹੀਂ ਕੀਤਾ। ਇਸ ਕਾਰਨ ਮਜਬੂਰਨ ਉਨ੍ਹਾਂ ਨੂੰ ਧਰਨੇ ’ਤੇ ਬੈਠਣਾ ਪਿਆ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਅਤੇ ਬਠਿੰਡਾ ਪੁਲਿਸ ਦੀ ਹਾਜ਼ਰੀ ਵਿਚ ਅਕਾਲੀ ਆਗੂ ਨੂੰ ਗੋਲੀ ਮਾਰੀ ਗਈ ਸੀ।