ਬਠਿੰਡਾ ਸਹਿਰ ਦੇ ਚਾਰਜ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

- ਚਾਰੇ ਵੱਡੇ ਸਕੂਲ ਕਰਵਾਏ ਖਾਲੀ, ਈਮੇਲ ਭੇਜ ਕੇ ਦਿੱਤੀ ਧਮਕੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸ਼ਹਿਰ ਵਿੱਚ ਵੀਰਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਇਹ ਧਮਕੀ ਕਿਸੇ ਨੇ ਈਮੇਲ ਭੇਜ ਕੇ ਦਿੱਤੀ ਹੈ, ਜਦੋਂ ਹੀ ਇਸ ਦਾ ਪਤਾ ਪੁਲਿਸ ਪ੍ਰਸ਼ਾਸਨ ਨੂੰ ਲੱਗਾ ਤਾਂ ਤੁਰੰਤ ਚੌਕਸੀ ਵਧਾ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਨੇ ਤੁਰੰਤ ਸਕੂਲਾਂ ਨੂੰ ਖਾਲੀ ਕਰਵਾ ਲਿਆ ਅਤੇ ਬੱਚਿਆਂ ਨੂੰ ਘਰ ਭੇਜ ਦਿੱਤਾ। ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਸਿੱਧ ਦਿੱਲੀ ਪਬਲਿਕ ਸਕੂਲ, ਲੌਰਡ ਰਾਮਾਂ, ਪੁਲਿਸ ਪਬਲਿਕ ਸਕੂਲ ਅਤੇ ਮਿਲੇਨੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੀ ਸੂਚਨਾ ਮਿਲਿਦਆਂ ਹੀ ਡੀਐੱਸਪੀ ਅਰੁਣ ਮੁੰਡਨ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀਆਂ ਸਕੂਲਾਂ ਵਿਚ ਪੁੱਜ ਗਈਆਂ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਕਿਸੇ ਸ਼ਰਾਰਤੀ ਅਨਸਰ ਨੇ ਸਕੂਲਾਂ ਨੂੰ ਸਿੱਧੀ ਈ ਮੇਲ ਭੇਜੀ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਸੁਰੱਖਿਆ ਨੂੰ ਮੱਦੇਨਜ਼ਰ ਚਾਰੇ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਸਕੂਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਨਾਲ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਭੇਜਿਆ ਗਿਆ। ਮਾਪਿਆਂ ਵਿੱਚ ਚਿੰਤਾ ਜ਼ਰੂਰ ਦੇਖਣ ਨੂੰ ਮਿਲੀ, ਪਰ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਤੁਰੰਤ ਕਦਮਾਂ ਨਾਲ ਸਥਿਤੀ ਕਾਬੂ ਵਿੱਚ ਰਹੀ। ਉਧਰ ਬਠਿੰਡਾ ਸ਼ਹਿਰ ਅੰਦਰ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕਰ ਦਿੱਤੇ ਗਏ ਹਨ। ਸ਼ਹਿਰ ਦੇ ਹਰੇਕ ਕੋਨੇ ’ਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਸ਼ੱਕੀ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਧਮਕੀ ਮਿਲਣ ਨਾਲ ਹੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਤੇ ਆ ਗਈਆਂ। ਸਕੂਲਾਂ ਦੇ ਆਸ-ਪਾਸ ਵਿਸ਼ੇਸ਼ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਹੈ, ਜਿਸ ਦੀ ਜਾਂਚ ਲਈ ਸਾਈਬਰ ਸੈੱਲ ਨੂੰ ਲਗਾਇਆ ਗਿਆ ਹੈ। ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤਕ ਕਿਸੇ ਵੀ ਸ਼ੱਕੀ ਵਸਤੂ ਮਿਲਣ ਦੀ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਏਜੰਸੀਆਂ ਕੋਈ ਵੀ ਖਤਰਾ ਮੁੱਲ ਲੈਣ ਦੇ ਮੂਡ ਵਿੱਚ ਨਹੀਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਜ਼ਰੂਰ ਵਧਾ ਦਿੱਤੀ ਹੈ, ਪਰ ਪ੍ਰਸ਼ਾਸਨ ਦੀ ਤੁਰੰਤ ਕਾਰਵਾਈ ਨਾਲ ਹਾਲਾਤ ਕਾਬੂ ਵਿੱਚ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਵੀ ਕਿਸੇ ਵਿਅਕਤੀ ਨੇ ਈਮੇਲ ਭੇਜ ਬਠਿੰਡਾ ਦੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਪਰ ਵੀਰਵਾਰ ਨੂੰ ਦੁਬਾਰਾ ਫਿਰ ਈ ਮੇਲ ਰਾਹੀਂ ਧਮਕੀ ਮਿਲਣ ਨਾਲ ਮਾਮਲਾ ਸੰਵੇਦਨਸ਼ੀਲ ਬਣ ਗਿਆ। ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਆਈ ਹੈ, ਜਿਸ ਤੋਂ ਬਾਅਦ ਸਕੂਲ ਖਾਲ੍ਹੀ ਕਰਵਾ ਕੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲਾਂ ਦੇ ਆਸ-ਪਾਸ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਪੁਲਿਸ ਧਮਕੀ ਭਰੀ ਈ ਮੇਲ ਭੇਜਣ ਵਾਲਿਆਂ ਦਾ ਪਤਾ ਲਾਉਣ ਵਿਚ ਜੁਟ ਗਈ ਹੈ।