24 ਘੰਟਿਆਂ ’ਚ ਤਿੰਨ ਵਾਰ ਬਦਲੀ ਪਾਰਟੀ, ਫਿਰ ਵੀ ਚੋਣ ਮੈਦਾਨ ’ਚੋਂ ਹੋ ਗਏ ਬਾਹਰ
24 ਘੰਟਿਆਂ ਵਿੱਚ ਤਿੰਨ ਵਾਰ ਬਦਲੀ ਪਾਰਟੀ, ਫਿਰ ਵੀ ਚੋਣ ਮੈਦਾਨ ’ਚੋਂ ਹੋ ਗਏ ਬਾਹਰ
Publish Date: Thu, 21 May 2026 04:44 PM (IST)
Updated Date: Thu, 21 May 2026 04:46 PM (IST)

ਚੋਣ ਲੜਨ ਦੀ ਲਾਲਸਾ - ਪਹਿਲਾ ਕਾਂਗਰਸ ਤੋਂ ਭਾਜਪਾ, ਫ਼ਿਰ ਕਾਂਗਰਸ ਤੇ ਫ਼ਿਰ ਭਾਜਪਾ, ਪਰ ਫ਼ਿਰ ਨਾਮਜ਼ਦਗੀ ਪੱਤਰ ਰੱਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਨਿਗਮ ਚੋਣਾਂ ਵਿਚ ਚੋਣ ਲੜਨ ਦੀ ਲਾਲਸਾ ਕਾਰਨ ਕਈ ਉਮੀਦਵਾਰਾਂ ਨੇ ਆਪਣੀਆਂ ਪਾਰਟੀਆ ਬਦਲ ਲਈਆਂ। ਵਾਰਡ ਨੰਬਰ 35 ਵਿਚ ਕਾਂਗਰਸ ਦੇ ਪੁਰਾਣੇ ਵਰਕਰ ਸਾਜਨ ਸ਼ਰਮਾ ਨੇ ਟਿਕਟ ਦੀ ਉਮੀਦ ਵਿੱਚ ਕੇਵਲ 24 ਘੰਟਿਆਂ ਦੇ ਅੰਦਰ ਤਿੰਨ ਵਾਰ ਪਾਰਟੀ ਬਦਲੀ, ਪਰ ਆਖਰਕਾਰ ਉਨ੍ਹਾਂ ਦੀ ਸਿਆਸੀ ਰਣਨੀਤੀ ਕਾਮਯਾਬ ਨਾ ਹੋ ਸਕੀ। ਭਾਜਪਾ ਵੱਲੋਂ ਉਨ੍ਹਾਂ ਦੀ ਪਤਨੀ ਨੂੰ ਟਿਕਟ ਮਿਲਣ ਦੇ ਬਾਵਜੂਦ ਪ੍ਰਸ਼ਾਸਨਿਕ ਜਾਂਚ ਦੌਰਾਨ ਨਾਮਜ਼ਦਗੀ ਪੱਤਰ ਰੱਦ ਹੋ ਜਾਣ ਕਾਰਨ ਪਰਿਵਾਰ ਦਾ ਚੋਣ ਲੜਨ ਦਾ ਸੁਪਨਾ ਅਧੂਰਾ ਰਹਿ ਗਿਆ। ਸ਼ਰਮਾ ਪਿਛਲੇ ਕਰੀਬ 40 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ। ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਵਾਰਡ ਨੰਬਰ 35 ਤੋਂ ਕਾਂਗਰਸ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀ ਬਜਾਏ ਸਾਬਕਾ ਕੌਂਸਲਰ ਸਵ. ਰਾਮ ਹਲਵਾਈ ਦੇ ਪਰਿਵਾਰ ‘ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਦੀ ਨੂੰਹ ਬੇਬੀ ਸੈਣੀ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ। ਕਾਂਗਰਸ ਤੋਂ ਟਿਕਟ ਨਾ ਮਿਲਣ ਦੀ ਸੰਭਾਵਨਾ ਦੇ ਚਲਦਿਆਂ ਸਾਜਨ ਸ਼ਰਮਾ ਨਾਰਾਜ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਪਰ ਅਗਲੇ ਹੀ ਦਿਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦੇਣ ਦਾ ਭਰੋਸਾ ਦਿੱਤਾ। ਇਸ ਭਰੋਸੇ ਤੋਂ ਬਾਅਦ ਸਾਜਨ ਸ਼ਰਮਾ ਮੁੜ ਕਾਂਗਰਸ ਵਿੱਚ ਵਾਪਸ ਆ ਗਏ। ਸ਼ਾਮ ਨੂੰ ਜਦੋਂ ਕਾਂਗਰਸ ਦੇ ਉਮੀਦਵਾਰਾਂ ਦੀ ਅਧਿਕਾਰਤ ਸੂਚੀ ਜਾਰੀ ਹੋਈ ਤਾਂ ਵਾਰਡ ਨੰਬਰ-35 ਤੋਂ ਬੇਬੀ ਸੈਣੀ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ। ਇਸ ਨਾਲ ਸਾਜਨ ਸ਼ਰਮਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗੇ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਫਿਰ ਕਾਂਗਰਸ ਛੱਡ ਦਿੱਤੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਮੌਜੂਦਗੀ ਵਿੱਚ ਦੁਬਾਰਾ ਭਾਜਪਾ ਵਿੱਚ ਸ਼ਾਮਲ ਹੋ ਗਏ। ਸਿਆਸੀ ਘਟਨਾਕ੍ਰਮ ਤੇਜ਼ੀ ਨਾਲ ਬਦਲਿਆ ਅਤੇ ਭਾਜਪਾ ਨੇ ਪਹਿਲਾਂ ਐਲਾਨੇ ਉਮੀਦਵਾਰ ਦੀ ਟਿਕਟ ਵਾਪਸ ਲੈ ਕੇ ਸਾਜਨ ਸ਼ਰਮਾ ਦੀ ਪਤਨੀ ਨੂੰ ਉਮੀਦਵਾਰ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ, ਪਰ ਪ੍ਰਸ਼ਾਸਨਿਕ ਜਾਂਚ ਦੌਰਾਨ ਦਸਤਾਵੇਜ਼ਾਂ ਵਿੱਚ ਖਾਮੀਆਂ ਪਾਈਆਂ ਜਾਣ ਕਾਰਨ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਹਾਲਾਂਕਿ ਅਧਿਕਾਰੀਆਂ ਵੱਲੋਂ ਨਾਮਜ਼ਦਗੀ ਰੱਦ ਹੋਣ ਦੇ ਸਪੱਸ਼ਟ ਕਾਰਨ ਜਨਤਕ ਨਹੀਂ ਕੀਤੇ ਗਏ। ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਹੁਣ ਵਾਰਡ ਨੰਬਰ-35 ਦਾ ਚੋਣੀ ਮੁਕਾਬਲਾ ਪੂਰੀ ਤਰ੍ਹਾਂ ਬਦਲ ਗਿਆ ਹੈ। ਟਿਕਟ ਵੰਡ ਨੂੰ ਲੈ ਕੇ ਨਾਰਾਜ਼ਗੀ ਅਤੇ ਲਗਾਤਾਰ ਦਲ-ਬਦਲ ਦੀ ਸਿਆਸਤ ਨੇ ਸਾਜਨ ਸ਼ਰਮਾ ਦੀ ਸਿਆਸੀ ਭਰੋਸੇਯੋਗਤਾ ਨੂੰ ਵੀ ਨੁਕਸਾਨ ਪਹੁੰਚਾਇਆ ਹੈ।