ਬਠਿੰਡਾ ਨਗਰ ਨਿਗਮ ਚੋਣਾਂ: 50 ਵਾਰਡਾਂ ਵਿੱਚ 243 ਉਮੀਦਵਾਰ ਮੈਦਾਨ ’ਚ, 54 ਅਜ਼ਾਦ ਉਮੀਦਵਾਰ ਵੀ ਅਜ਼ਮਾ ਰਹੇ ਨੇ ਕਿਸਮਤ

- ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਕਈ ਵਾਰਡਾਂ ’ਚ ਝਟਕਾ, ਨਾਮਜ਼ਦਗੀਆਂ ਰੱਦ ਤੇ ਵਾਪਸੀ ਨਾਲ ਬਦਲੇ ਚੋਣ ਸਮੀਕਰਨ
- ਵਾਰਡ ਨੰਬਰ 46 ਤੋਂ ‘ਆਪ’ ਉਮੀਦਵਾਰ ਪਦਮਜੀਤ ਮਹਿਤਾ ਬਿਨਾਂ ਮੁਕਾਬਲੇ ਜੇਤੂ, ਵਾਰਡ ਨੰਬਰ 30 ’ਚ ਸਭ ਤੋਂ ਵੱਧ ਉਮੀਦਵਾਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਵਿੱਚ ਸਿਆਸੀ ਸਰਗਰਮੀਆਂ ਸਿਖਰ ’ਤੇ ਪੁੱਜ ਗਈਆਂ ਹਨ। 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਇਸ ਵਾਰ ਕੁੱਲ 50 ਵਾਰਡਾਂ ਤੋਂ 243 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣਾਵੀ ਤਸਵੀਰ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਇਕੱਲੀ ਅਜਿਹੀ ਸਿਆਸੀ ਪਾਰਟੀ ਵਜੋਂ ਸਾਹਮਣੇ ਆਈ ਹੈ, ਜਿਸ ਨੇ ਨਗਰ ਨਿਗਮ ਦੇ ਸਾਰੇ 50 ਵਾਰਡਾਂ ਵਿੱਚ ਉਮੀਦਵਾਰ ਮੈਦਾਨ ਵਿੱਚ ਹਨ। ਦੂਜੇ ਪਾਸੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਤਾਂ ਖੜ੍ਹੇ ਕੀਤੇ ਪਰ ਉਨ੍ਹਾਂ ਨੂੰ ਕਈ ਵਾਰਡਾਂ ਵਿੱਚ ਨਾਮਜ਼ਦਗੀਆਂ ਰੱਦ ਹੋਣ ਅਤੇ ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈਣ ਕਾਰਨ ਨੁਕਸਾਨ ਝੱਲਣਾ ਪਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਤਿਮ ਸੂਚੀ ਮੁਤਾਬਕ ਸ੍ਰੋਮਣੀ ਅਕਾਲੀ ਦਲ ਦੇ 47 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦਕਿ ਕਾਂਗਰਸ ਦੇ 44 ਅਤੇ ਭਾਜਪਾ ਦੇ 42 ਉਮੀਦਵਾਰ ਹੀ ਚੋਣ ਲੜ ਰਹੇ ਹਨ। ਬਹੁਜਨ ਸਮਾਜ ਪਾਰਟੀ ਨੇ 7 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਦਕਿ 54 ਉਮੀਦਵਾਰ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਹਨ। ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਦੇ ਮੈਦਾਨ ਵਿੱਚ ਹੋਣ ਕਾਰਨ ਕਈ ਵਾਰਡਾਂ ਵਿੱਚ ਮੁਕਾਬਲਾ ਦਿਲਚਸਪ ਬਣ ਗਿਆ ਹੈ। ਨਗਰ ਨਿਗਮ ਚੋਣਾਂ ਵਿੱਚ ਆਪ ਪਾਰਟੀ ਨੇ ਸਾਰੇ 50 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰ ਕੇ ਆਪਣੀ ਸੰਗਠਨਾਤਮਕ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਹੀ ਨਹੀਂ ਵਾਰਡ ਨੰਬਰ 46 ਤੋਂ ‘ਆਪ’ ਉਮੀਦਵਾਰ ਪਦਮਜੀਤ ਮਹਿਤਾ ਬਿਨਾਂ ਮੁਕਾਬਲੇ ਜੇਤੂ ਵੀ ਐਲਾਨ ਹੋ ਚੁੱਕੇ ਹਨ। ਇਸ ਵਾਰਡ ਵਿੱਚ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋ ਗਈ ਸੀ, ਜਦਕਿ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਸਨ। ਵਿਰੋਧੀ ਉਮੀਦਵਾਰਾਂ ਦੇ ਮੈਦਾਨ ਤੋਂ ਹਟਣ ਮਗਰੋਂ ਪਦਮਜੀਤ ਮਹਿਤਾ ਨੂੰ ਬਿਨਾਂ ਮੁਕਾਬਲੇ ਜੇਤੂ ਰਹੇ ਹਨ।
ਚੋਣਾਵੀ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਵਾਰਡ ਨੰਬਰ 30 ਸਭ ਤੋਂ ਵੱਧ ਚਰਚਾ ਵਿੱਚ ਹੈ। ਇਸ ਵਾਰਡ ਵਿੱਚ ਕੁੱਲ 10 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 5 ਉਮੀਦਵਾਰ ਆਜ਼ਾਦ ਹਨ। ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਮੈਦਾਨ ਵਿੱਚ ਹੋਣ ਕਾਰਨ ਇੱਥੇ ਮੁਕਾਬਲਾ ਕਾਫੀ ਦਿਲਚਸਪ ਮੰਨਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਦੀ ਸਰਗਰਮੀ ਨੇ ਚੋਣਾਵੀ ਸਮੀਕਰਨਾਂ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਰਾਜਨੀਤਿਕ ਵਿਸ਼ੇਸ਼ਗਿਆਨਾਂ ਦਾ ਮੰਨਣਾ ਹੈ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਸਥਾਨਕ ਵਿਕਾਸ ਕਾਰਜ, ਸਫ਼ਾਈ ਪ੍ਰਬੰਧ, ਪੀਣ ਵਾਲਾ ਪਾਣੀ, ਸੀਵਰੇਜ ਅਤੇ ਸੜਕਾਂ ਮੁੱਖ ਮੁੱਦੇ ਰਹਿਣਗੇ। ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ-ਆਪਣੇ ਪੱਧਰ ’ਤੇ ਵੋਟਰਾਂ ਨੂੰ ਲੁਭਾਉਣ ਲਈ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਚੋਣ ਪ੍ਰਚਾਰ ਦੇ ਆਖ਼ਰੀ ਦਿਨਾਂ ਵਿੱਚ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਉਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। ਚੋਣ ਨਤੀਜਿਆਂ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਇਸ ਵਾਰ ਨਗਰ ਨਿਗਮ ਦੀ ਸੱਤਾ ਲਈ ਮੁਕਾਬਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
-----
- ਇਹ ਰਹੀ ਪਾਰਟੀਆਂ ਦੀ ਸਥਿਤੀ
ਕਾਂਗਰਸ : ਕਾਂਗਰਸ ਨੇ ਸ਼ੁਰੂ ਵਿੱਚ ਸਾਰੇ 50 ਵਾਰਡਾਂ ਵਿੱਚ ਉਮੀਦਵਾਰ ਉਤਾਰਨ ਦਾ ਦਾਅਵਾ ਕੀਤਾ ਸੀ, ਪਰ ਜਾਂਚ ਪ੍ਰਕਿਰਿਆ ਦੌਰਾਨ ਪਾਰਟੀ ਨੂੰ ਵੱਡਾ ਝਟਕਾ ਲੱਗਾ। ਵਾਰਡ ਨੰਬਰ 17, 38, 39, 41, 44 ਅਤੇ 46 ਵਿੱਚ ਕਾਂਗਰਸ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ, ਜਿਸ ਨਾਲ ਕਈ ਵਾਰਡਾਂ ਵਿੱਚ ਪਾਰਟੀ ਦੀ ਚੋਣਾਵੀ ਰਣਨੀਤੀ ਪ੍ਰਭਾਵਿਤ ਹੋਈ।
ਸ਼੍ਰੋਮਣੀ ਅਕਾਲੀ ਦਲ : ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 28 ਅਤੇ 36 ਵਿੱਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਵਾਰਡ ਨੰਬਰ 46 ਵਿੱਚ ਅਕਾਲੀ ਦਲ ਉਮੀਦਵਾਰ ਨੇ ਆਪਣਾ ਨਾਮ ਵਾਪਸ ਲੈ ਲਿਆ। ਇਸ ਕਾਰਨ ਸ੍ਰੋਮਣੀ ਅਕਾਲੀ ਦਲ ਦੇ 47 ਉਮੀਦਵਾਰ ਹੀ ਮੈਦਾਨ ਵਿੱਚ ਰਹਿ ਗਏ ਹਨ।
ਭਾਜਪਾ : ਭਾਜਪਾ ਦੀ ਸਥਿਤੀ ਵੀ ਕੁਝ ਵੱਖਰੀ ਨਹੀਂ ਰਹੀ। ਪਾਰਟੀ ਵਾਰਡ ਨੰਬਰ 5, 22 ਅਤੇ 25 ਵਿੱਚ ਆਪਣੇ ਉਮੀਦਵਾਰ ਹੀ ਨਹੀਂ ਉਤਾਰ ਸਕੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਾਰਡਾਂ ਵਿੱਚ ਭਾਜਪਾ ਨੂੰ ਢੁੱਕਵੇਂ ਉਮੀਦਵਾਰ ਨਹੀਂ ਮਿਲੇ। ਇਸ ਤੋਂ ਇਲਾਵਾ ਵਾਰਡ ਨੰਬਰ 39, 40 ਅਤੇ 50 ਵਿੱਚ ਭਾਜਪਾ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ, ਜਦਕਿ ਵਾਰਡ ਨੰਬਰ 6 ਅਤੇ 46 ਵਿੱਚ ਪਾਰਟੀ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ।