ਨਾਬਾਲਿਗਾ ਦੀ ਬਰਾਮਦਗੀ ਲਈ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
ਨਾਬਾਲਗ ਲੜਕੀ ਦੀ ਬਰਾਮਦਗੀ ਲਈ ਧਰਨਾ ਦੂਜੇ ਦਿਨ ਵੀ ਜਾਰੀ
Publish Date: Wed, 20 May 2026 07:37 PM (IST)
Updated Date: Thu, 21 May 2026 04:07 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪਿੰਡ ਮੰਡੀ ਕਲਾਂ ਦੀ 15 ਸਾਲਾ ਨਾਬਾਲਗ ਲੜਕੀ ਦੇ 17 ਦਿਨਾਂ ਤੋਂ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਲੋਕਾਂ ਵੱਲੋਂ ਲਾਇਆ ਗਿਆ ਧਰਨਾ ਮੰਗਲਵਾਰ ਨੂੰ ਦੂਜੇ ਦਿਨ ਵਿੱਚ ਦਾਖਲ ਹੋ ਗਿਆ। ਪਿੰਡ ਦੀਆਂ ਦੋਵੇਂ ਪੰਚਾਇਤਾਂ, ਕਿਸਾਨ ਜਥੇਬੰਦੀਆਂ, ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪਿੰਡ ਮੰਡੀ ਕਲਾਂ ਵਿਖੇ ਰਾਮਪੁਰਾ–ਦਮਦਮਾ ਸਾਹਿਬ ਨੈਸ਼ਨਲ ਹਾਈਵੇ ’ਤੇ ਧਰਨਾ ਜਾਰੀ ਰੱਖਦਿਆਂ ਲੜਕੀ ਦੀ ਜਲਦ ਬਰਾਮਦਗੀ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਰਪੰਚ ਮਲਕੀਤ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ ਰੋਮਾਣਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਜਸਵੰਤ ਸਿੰਘ ਦਰਦ ਅਤੇ ਕਿਸਾਨ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਢਿੱਲਮੱਠ ਵਰਤੀ ਜਾ ਰਹੀ ਹੈ, ਜਿਸ ਕਾਰਨ ਪਰਿਵਾਰ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਸ਼ੱਕ ਦੇ ਆਧਾਰ ’ਤੇ ਦਿੱਤੇ ਗਏ ਨਾਮਾਂ ’ਤੇ ਵੀ ਪੁਲਿਸ ਕੋਈ ਢੁੱਕਵੀਂ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ। ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੜਕੀ ਨੂੰ ਜਲਦ ਬਰਾਮਦ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ। ਧਰਨੇ ਕਾਰਨ ਨੈਸ਼ਨਲ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਥਾਣਾ ਬਾਲਿਆਂਵਾਲੀ ਦੇ ਐਸਐਚਓ. ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੀ ਨੂੰ ਜਲਦੀ ਹੀ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ, ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।