ਪਰਾਲੀ ਤੇ ਤੂੜੀ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਦਾ ਨੁਕਸਾਨ
ਪਰਾਲੀ ਤੇ ਤੂੜੀ ਨੂੰ ਅਚਾਨਕ ਲੱਗੀ ਅੱਗ, ਹਜਾਰਾਂ ਰੁਪਏ ਦਾ ਨੁਕਸਾਨ
Publish Date: Wed, 20 May 2026 06:51 PM (IST)
Updated Date: Thu, 21 May 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਠਿੰਡਾ-ਬਾਦਲ ਮੁੱਖ ਸੜਕ ’ਤੇ ਪੈਂਦੇ ਪਿੰਡ ਘੁੱਦਾ ਵਿਖੇ ਮੰਗਲਵਾਰ ਰਾਤ ਗਊਆਂ ਲਈ ਸਟੋਰ ਕਰਕੇ ਰੱਖੀ ਕਰੀਬ 40 ਟਰਾਲੀਆਂ ਝੋਨੇ ਦੀ ਪਰਾਲੀ ਤੇ ਤੂੜੀ ਅੱਗ ਦੀ ਭੇਂਟ ਚੜ੍ਹ ਗਈ, ਜਿਸ ਕਾਰਨ ਗਊਆਂ ਵਾਲੇ ਵਿਅਕਤੀ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਦੀਆਂ ਲਪਟਾਂ ਤੇ ਧੂੰਏਂ ਦਾ ਗੁਬਾਰ ਦੂਰ ਤੋਂ ਦਿਖਾਈ ਦੇ ਰਿਹਾ ਸੀ। ਪਿੰਡ ਦੇ ਬਾਹੋ ਰੋਡ ਨੇੜੇ ਇਕ ਪੈਲੇਸ ਦੇ ਕੋਲ ਗਊਆਂ ਵਾਲਿਆਂ ਵੱਲੋਂ ਵੱਡੀ ਮਾਤਰਾ ’ਚ ਝੋਨੇ ਦੀ ਪਰਾਲੀ ਅਤੇ ਤੂੜੀ ਇਕੱਠੀ ਕਰਕੇ ਰੱਖੀ ਹੋਈ ਸੀ, ਜੋ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਣੀ ਸੀ। ਬੀਤੀ ਰਾਤ ਅਚਾਨਕ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗ ਗਈ। ਸ਼ੁਰੂਆਤੀ ਸਮੇਂ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸੁੱਕੀ ਪਰਾਲੀ ਹੋਣ ਕਾਰਨ ਅੱਗ ਨੇ ਮਿੰਟਾਂ ’ਚ ਹੀ ਭਿਆਨਕ ਰੂਪ ਧਾਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬਾਬਾ ਬਲੀਆ ਵੈੱਲਫੇਅਰ ਕਲੱਬ ਦੇ ਵਲੰਟੀਅਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ, ਪਰ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਦੇ ਯਤਨ ਨਾਕਾਫੀ ਸਾਬਤ ਹੋ ਰਹੇ ਸਨ। ਹਾਲਾਤ ਵਿਗੜਦੇ ਦੇਖ ਪਿੰਡ ਵਾਸੀਆਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਬਠਿੰਡਾ ਤੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਭੇਜੀਆਂ। ਫਾਇਰ ਕਰਮਚਾਰੀਆਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਈ ਘੰਟਿਆਂ ਦੀ ਕੜੀ ਮਿਹਨਤ ਮਗਰੋਂ ਰਾਤ ਕਰੀਬ 2 ਵਜੇ ਅੱਗ ’ਤੇ ਕਾਬੂ ਪਾਇਆ। ਪਰ ਉਸ ਸਮੇਂ ਤੱਕ ਸਾਰੀ ਪਰਾਲੀ ਅਤੇ ਤੂੜੀ ਸੜ ਕੇ ਸੁਆਹ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਗਊਆਂ ਵਾਲੇ ਵਿਅਕਤੀ ਦੀ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗ ਗਈ ਸੀ ਅਤੇ ਉਸ ਵੇਲੇ ਵੀ ਉਸਦਾ ਨੁਕਸਾਨ ਹੋਇਆ ਸੀ। ਲਗਾਤਾਰ ਦੂਜੇ ਸਾਲ ਵਾਪਰੀ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਗਊਆਂ ਲਈ ਇਕੱਠਾ ਕੀਤਾ ਗਿਆ ਚਾਰਾ ਸੜ ਜਾਣ ਕਾਰਨ ਹੁਣ ਪਸ਼ੂਆਂ ਦੇ ਚਾਰੇ ਦੀ ਵੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਵਿਅਕਤੀ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।