ਜੀਤਮਹਿੰਦਰ ਸਿੱਧੂ ਵੱਲੋਂ ਉਮੀਦਵਾਰ ਦੇ ਦਫਤਰ ਦਾ ਉਦਘਾਟਨ
ਜੀਤਮਹਿੰਦਰ ਸਿੱਧੂ ਨੇ ਉਮੀਦਵਾਰ ਦੇ ਦਫਤਰ ਦਾ ਕੀਤਾ ਉਦਘਾਟਨ
Publish Date: Wed, 20 May 2026 04:49 PM (IST)
Updated Date: Thu, 21 May 2026 04:02 AM (IST)
ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ, ਮੌੜ ਮੰਡੀ
ਨਗਰ ਕੌਂਸਲ ਮੌੜ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਨੇ ਤੇਜ਼ੀ ਫੜ ਲਈ ਹੈ ਤੇ ਸਿਆਸੀ ਤਰਾਂ ਦੇ ਆਗੂਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਨੂੰ ਸਿਖਰਾਂ ਵੱਲ ਲੈ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਨਗਰ ਕੌਂਸਲ ਮੌੜ ਦੇ ਵਾਰਡ ਨੰਬਰ ਛੇ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਕੁਮਾਰ ਕਾਕਾ ਦੇ ਦਫਤਰ ਦਾ ਰਸਮੀ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਰੀਬਨ ਕੱਟ ਕੇ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ। ਉਨ੍ਹਾਂ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌੜ ’ਚ ਵੀ ਕਾਂਗਰਸ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ। ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਅਤੀ ਤਰਸਯੋਗ ਹੋ ਚੁੱਕੀ ਹੈ ਅਤੇ ਦੁਕਾਨਦਾਰ ਵਪਾਰੀ ਤੇ ਮੌੜ ਨਿਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪਰ ਸੱਤਾਧਿਰ ਦੇ ਆਗੂ ਸਿਰਫ ਆਪਣਾ ਫਾਇਦਾ ਸੋਚਦੇ ਹੋਏ ਰੁਪਈਏ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਗਰ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੇਵਲ ਕਾਂਗਰਸ ਪਾਰਟੀ ਹੀ ਵਿਕਾਸ ਦੀ ਹਾਮੀ ਹੈ ਤੇ ਜਿੱਤ ਕੇ ਨਗਰ ਕੌਂਸਲ ਦੇ ਸਮੁੱਚੇ ਵਾਰਡਾਂ ਦਾ ਉਹੀ ਸਰਬਪੱਖੀ ਵਿਕਾਸ ਕਰਵਾ ਸਕਦੀ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਲੋਕ ਸਤਾ ਧਿਰ ਦੇ ਉਮੀਦਵਾਰਾਂ ਨੂੰ ਹਰਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣਗੇ ਤੇ ਨਗਰ ਕੌਂਸਲ ਮੌੜ ਅਧੀਨ ਆਉਂਦੇ ਕੰਮਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਉਤਾਵਲੇ ਹਨ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ, ਰਾਜੇਸ਼ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਵੀਰੂ ਮੌੜ, ਹੈਪੀ ਮੌੜ, ਯਾਦਵਿੰਦਰ ਸਿੰਘ ਜਾਦੂ ਕੌਂਸਲਰ ਮੌੜ, ਮੱਖਣ ਹਲਵਾਈ,ਕ੍ਰਿਸ਼ਨ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਮਹੱਲਾ ਨਿਵਾਸੀ ਮੌਜੂਦ ਸਨ।