ਸਾਬਕਾ ਮੇਅਰ ਪਦਮਜੀਤ ਮਹਿਤਾ ਬਿਨਾਂ ਮੁਕਾਬਲਾ ਜੇਤੂ, ਦੋ ਉਮੀਦਵਾਰਾਂ ਨੇ ਕਾਗਜ਼ ਲਏ ਵਾਪਸ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਗਰ ਨਿਗਮ ਚੋਣਾਂ ਵਿੱਚ ਵੋਟਿੰਗ ਤੋਂ ਪਹਿਲਾਂ ਹੀ ‘ਆਪ’ ਨੇ ਆਪਣਾ ਖਾਤਾ ਖੋਲ੍ਹਦਿਆਂ ਰਾਜਨੀਤਕ ਬੜਤ ਹਾਸਲ ਕਰ ਲਈ ਹੈ। ਵਾਰਡ-46 ਤੋਂ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਬਿਨਾਂ ਮੁਕਾਬਲੇ ਜੇਤੂ ਐਲਾਨੇ ਹਨ। ਕਾਂਗਰਸ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈਣ ਮਗਰੋਂ ਇਹ ਸੀਟ ਬਿਨਾਂ ਮੁਕਾਬਲੇ ‘ਆਪ’ ਦੇ ਖਾਤੇ ਵਿੱਚ ਚਲੀ ਗਈ। ਚੋਣ ਮਾਹੌਲ ਵਿੱਚ ਮਿਲੀ ਇਸ ਪਹਿਲੀ ਜਿੱਤ ਨੇ ਸ਼ਹਿਰ ਦੀ ਰਾਜਨੀਤੀ ਵਿੱਚ ਨਵਾਂ ਸੰਦੇਸ਼ ਦਿੱਤਾ ਹੈ ਤੇ ਆਪ ਵਰਕਰਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵਾਰਡ-46 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਨਦੀਪ ਸਿੰਘ ਦਾ ਨਾਮਜ਼ਦਗੀ ਪੱਤਰ ਜਾਂਚ ਦੌਰਾਨ ਰੱਦ ਕੀਤਾ। ਮੰਗਲਵਾਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਰਾਜਾ ਤੇ ਭਾਜਪਾ ਦੇ ਉਮੀਦਵਾਰ ਸੁਨੀਲ ਕੁਮਾਰ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਸਾਰੇ ਵਿਰੋਧੀ ਉਮੀਦਵਾਰਾਂ ਦੇ ਚੋਣ ਮੈਦਾਨ ਤੋਂ ਹਟਣ ਮਗਰੋਂ ਚੋਣ ਅਧਿਕਾਰੀਆਂ ਵੱਲੋਂ ‘ਆਪ’ ਦੇ ਉਮੀਦਵਾਰ ਪਦਮਜੀਤ ਮਹਿਤਾ ਨੂੰ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤਾ। ਨਿਗਮ ਚੋਣਾਂ ਵਿੱਚ ਇਹ ਘਟਨਾਕ੍ਰਮ ਰਾਜਨੀਤਕ ਤੌਰ ‘ਤੇ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਬਠਿੰਡਾ ਨਿਗਮ ‘ਤੇ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦਾ ਪ੍ਰਭਾਵ ਰਿਹਾ ਹੈ, ਪਰ ਇਸ ਵਾਰ ਆਮ ਆਦਮੀ ਪਾਰਟੀ ਸ਼ਹਿਰ ਦੀ ਸਿਆਸਤ ’ਚ ਆਪਣੀ ਮਜ਼ਬੂਤ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਨੀਤਿਕ ਜਾਣਕਾਰਾਂ ਦਾ ਮੰਨਣਾ ਹੈ ਕਿ ਵਾਰਡ 46 ਦਾ ਨਤੀਜਾ ਹੋਰ ਵਾਰਡਾਂ ਦੇ ਚੋਣ ਸਮੀਕਰਨਾਂ ‘ਤੇ ਵੀ ਅਸਰ ਪਾ ਸਕਦਾ ਹੈ।
ਵਾਰਡ ਨੰਬਰ 46 ਤੋਂ ‘ਆਪ’ ਦੇ ਉਮੀਦਵਾਰ ਤੇ ਸਾਬਕਾ ਮੇਅਰ ਪਦਮਜੀਤ ਸਿੰਘ ਮੇਹਤਾ ਨੇ ਆਪਣੀ ਜਿੱਤ ਨੂੰ ਲੋਕਾਂ ਦੇ ਵਿਕਾਸ ‘ਤੇ ਵਿਸ਼ਵਾਸ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਕਾਰਨ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਦਾ ਚੋਣ ਮੈਦਾਨ ਤੋਂ ਹਟਣਾ ਇਸ ਗੱਲ ਦਾ ਸੰਕੇਤ ਹੈ ਕਿ ਵਾਰਡ ਦੀ ਜਨਤਾ ਵਿਕਾਸ ਦੀ ਸਿਆਸਤ ਨੂੰ ਸਮਰਥਨ ਦੇ ਰਹੀ ਹੈ। ਮਹਿਤਾ ਨੇ ਆਪਣੀ ਜਿੱਤ ਨੂੰ ਵਾਰਡ ਨੰਬਰ 46 ਦੇ ਲੋਕਾਂ ਅਤੇ ਪੂਰੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉੱਧਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਇਸ ਜਿੱਤ ਨੂੰ ਨਗਰ ਨਿਗਮ ਚੋਣਾਂ ਦਾ ਸ਼ੁਭ ਸੰਕੇਤ ਦੱਸਿਆ ਹੈ। ਪਾਰਟੀ ਦਫਤਰ ਵਿੱਚ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਮੇਅਰ ਦੇ ਪਿਤਾ ਅਮਰਜੀਤ ਮਹਿਤਾ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਸ਼ਹਿਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਲਾਭ ਪਾਰਟੀ ਨੂੰ ਚੋਣਾਂ ਵਿੱਚ ਮਿਲੇਗਾ।
-ਬਾਕਸ-
-ਵਿਰੋਧੀਆਂ ਵੱਲੋਂ ਮਹਿਤਾ ਪਰਿਵਾਰ ਨੂੰ ਵਾਰਡ-46 ’ਚ ਘੇਰਨ ਦੀ ਯੋਜਨਾ ਹੋਈ ਫੇਲ੍ਹ
ਬਠਿੰਡਾ ਨਿਗਮ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੀ ਰਣਨੀਤੀ ਫੇਲ੍ਹ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਵੱਲੋਂ ਮਹਿਤਾ ਪਰਿਵਾਰ ਨੂੰ ਚੋਣ ਮੈਦਾਨ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਅਗਲੇ ਘਟਨਾਕ੍ਰਮ ਤੋਂ ਬਾਅਦ ਸਾਰੀ ਸਥਿਤੀ ਉਲਟ ਗਈ। ਰਾਜਨੀਤਕ ਵਿਰੋਧੀਆਂ ਨੇ ਵਾਰਡ ਨੰਬਰ 46 ਵਿੱਚ ਪੂਰੀ ਤਾਕਤ ਨਾਲ ਚੋਣ ਲੜਨ ਦੀ ਯੋਜਨਾ ਬਣਾਈ ਗਈ ਸੀ, ਤਾਂ ਜੋ ਮਹਿਤਾ ਪਰਿਵਾਰ ਉਸੇ ਵਾਰਡ ਵਿਚ ਘੇਰਿਆ ਜਾ ਸਕੇ ਅਤੇ ਉਹ ਬਾਕੀ 49 ਵਾਰਡਾਂ ਵਿਚ ਚੋਣ ਪ੍ਰਚਾਰ ਨਾਂ ਸਕਣ, ਪਰ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਏ ਬਦਲਾਅ ਕਾਰਨ ਸਾਰੇ ਸਮੀਕਰਨ ਬਦਲ ਗਏ ਅਤੇ ਵਿਰੋਧੀ ਪਾਰਟੀਆਂ ਨੂੰ ਮੈਦਾਨ ਤੋਂ ਹਟਣਾ ਪਿਆ।