ਐੱਚਐੱਮਈਐੱਲ ਨੇ ਚਾਲਕਾਂ ਦੀਆਂ ਅੱਖਾਂ ਦੀ ਕੀਤੀ ਜਾਂਚ
ਐਚਐਮਈਐਲ ਨੇ ਚਾਲਕਾਂ ਦੀਆਂ ਅੱਖਾਂ ਦੀ ਜਾਂਚ ਕੈਂਪ ਲਾਇਆ
Publish Date: Tue, 19 May 2026 05:16 PM (IST)
Updated Date: Wed, 20 May 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਰਾਮਾਂ ਮੰਡੀ : ਐੱਚਐੱਮਈਐੱਲ ਵੱਲੋਂ ਟੈਂਕਰ ਅਤੇ ਟਰੱਕ ਚਾਲਕ ਦਲ, ਹੈਲਪਰਾਂ ਅਤੇ ਸਹਿਕਰਮੀਆਂ ਦੀ ਸਿਹਤ, ਸੁਰੱਖਿਆ ਅਤੇ ਸਮੁੱਚੇ ਭਲਾਈ ਨੂੰ ਪਹਿਲ ਦਿੰਦੇ ਹੋਏ “ਐਚਐਮਈਐਲ ਪਲੱਸ” ਪਹਿਲ ਤਹਿਤ ਮਈ ਮਹੀਨੇ ਦੌਰਾਨ ਮੁਫ਼ਤ ਸਿਹਤ ਜਾਂਚ ਅਤੇ ਅੱਖਾਂ ਦੀ ਜਾਂਚ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ, ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸੁਰੱਖਿਅਤ ਕਾਰਜ-ਸੰਸਕ੍ਰਿਤੀ ਨੂੰ ਮਜ਼ਬੂਤ ਬਣਾਉਣਾ ਸੀ। ਇਸੇ ਕੜੀ ਤਹਿਤ ਪੈਟਰੋਲਿਅਮ ਪਦਾਰਥਾਂ ਦੇ ਸੁਰੱਖਿਅਤ ਸੰਚਾਲਨ, ਸੜਕ ਸੁਰੱਖਿਆ ਅਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਏਕਜੋਤ ਆਈ ਹਸਪਤਾਲ ਦੇ ਸਹਿਯੋਗ ਨਾਲ ਟੈਂਕਰ ਤੇ ਟਰੱਕ ਚਾਲਕ ਦਲ ਲਈ ਵਿਸ਼ੇਸ਼ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਲਗਾਇਆ। ਜਾਂਚ ਕੈਂਪ ਦੌਰਾਨ ਕਰਮਚਾਰੀਆਂ ਦੀ ਨਜ਼ਦੀਕੀ ਤੇ ਦੂਰ ਦੀ ਨਜ਼ਰ ਨਾਲ ਸਬੰਧਿਤ ਜਾਂਚ ਕੀਤੀ। ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਦੇਖਭਾਲ, ਨਜ਼ਰ ਦੀ ਸੁਰੱਖਿਆ ਤੇ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਰੋਜ਼ਾਨਾ ਕੰਮ ਦੌਰਾਨ ਅੱਖਾਂ ਦੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਅਤੇ ਬਚਾਅ ਉਪਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ “ਫ੍ਰੀ ਹੈਲਥ ਚੈਕ-ਅੱਪ ਕੈਂਪੇਨ” ਤਹਿਤ ਸਿਵਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਸਿਹਤ ਜਾਂਚ ਕੈਂਪ ਵੀ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਟੈਂਕਰ ਤੇ ਟਰੱਕ ਚਾਲਕ ਦਲ, ਹੈਲਪਰਾਂ ਤੇ ਵੱਖ-ਵੱਖ ਪਲਾਂਟ ਯੂਨਿਟਾਂ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੂੰ ਆਮ ਸਿਹਤ ਜਾਂਚ, ਸਿਹਤ ਸਲਾਹ, ਅੱਖਾਂ ਦੀ ਜਾਂਚ ਅਤੇ ਮੁਫ਼ਤ ਦਵਾਈਆਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ ਡਾਕਟਰਾਂ ਵੱਲੋਂ ਕਰਮਚਾਰੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਕਾਰਜਸਥਲ ’ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਖਾਸ ਤੌਰ ’ਤੇ ਅੱਖਾਂ ਦੀ ਜਾਂਚ ਕੈਂਪ ’ਚ ਨਜ਼ਰ ਨਾਲ ਸੰਬੰਧਿਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਸੜਕ ਸੁਰੱਖਿਆ ਤੇ ਕਾਰਜਕੁਸ਼ਲਤਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਐੱਚਐੱਮਈਐੱਲ ਦੀ ਇਹ ਪਹਿਲ ਕਰਮਚਾਰੀਆਂ ਦੇ ਭਲਾਈ, ਸਿਹਤ ਸੇਵਾਵਾਂ ਤੇ ਸੁਰੱਖਿਅਤ ਕਾਰਜ-ਵਾਤਾਵਰਨ ਨੂੰ ਪ੍ਰੋਤਸਾਹਿਤ ਕਰਨ ਪ੍ਰਤੀ ਕੰਪਨੀ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ। “ਐੱਚਐੱਮਈਐੱਲ ਪਲੱਸ” ਰਾਹੀਂ ਕੰਪਨੀ ਲਗਾਤਾਰ ਮੁਲਾਜ਼ਮਾਂ, ਚਾਲਕ ਦਲ ਤੇ ਸਹਿਕਰਮੀਆਂ ਦੀ ਸਿਹਤ, ਸੁਰੱਖਿਆ ਤੇ ਸਮੁੱਚੇ ਵਿਕਾਸ ਲਈ ਅਰਥਪੂਰਨ ਯਤਨ ਕਰ ਰਹੀ ਹੈ।