ਖੇਤੀ ਉਤਪਾਦਾਂ ਦੇ ਸਵੈ-ਮੰਡੀਕਰਨ ਤੇ ਐਗਮਾਰਕ ਸਬੰਧੀ ਸੈਮੀਨਾਰ
ਖੇਤੀ ਉਤਪਾਦਾਂ ਦੇ ਸਵੈ-ਮੰਡੀਕਰਨ ਅਤੇ ਐਗਮਾਰਕ ਸਬੰਧੀ ਸੈਮੀਨਾਰ
Publish Date: Tue, 19 May 2026 05:03 PM (IST)
Updated Date: Wed, 20 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੰਡੀਕਰਨ ਵਿੰਗ ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਖੇਤੀ ਉਤਪਾਦਾਂ ਦੇ ਮੰਡੀਕਰਨ ਅਤੇ ਐਗਮਾਰਕ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਵਿੱਚ ਡਾ. ਕਿਰਨਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ ਨੇ ਜ਼ਿਲੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਕਿਸਾਨਾਂ ਦਾ ਸੁਆਗਤ ਕੀਤਾ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਖੇਤੀ ਉਪਜ ਤੋਂ ਆਮਦਨ ਵਧਾਉਣ ਲਈ ਮੰਗ ਅਨੁਸਾਰ ਪੈਦਾਵਾਰ ਕਰਕੇ ਸਵੈ ਮੰਡੀਕਰਨ ਕਰਨ ਤੇ ਜ਼ੋਰ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ’ਚ ਖੇਤੀਬਾੜੀ ਉਤਪਾਦਾਂ ਦਾ ਮੰਡੀਕਰਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ ਗਾਹਕਾਂ ਦਾ ਦਾਇਰਾ ਬਹੁਤ ਜਲਦੀ ਤੇ ਵੱਡੇ ਪੱਧਰ ’ਤੇ ਵੱਧਦਾ ਹੈ। ਇਸ ਦੌਰਾਨ ਡਾ. ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਹਾ ਕਿ ਕਿਸਾਨ ਭਰਾ ਆਤਮਾ ਸਕੀਮ ਅਧੀਨ ਕਿਸੇ ਵੀ ਤਰ੍ਹਾਂ ਦੇ ਖੇਤੀਬਾੜੀ ਧੰਦੇ ਸਬੰਧੀ ਸਿਖਲਾਈ ਲੈਣ ਲਈ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਪੰਜਾਬ ਐਗਰੋ ਅਦਾਰੇ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੈਡਮ ਧਰਮਵੀਰ ਕੌਰ ਨੇ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਲਈ ਦਿੱਤੀ ਜਾ ਰਹੀ ਵਿੱਤੀ ਮਦਦ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਰੀਨਾ ਰਾਣੀ ਬਾਗਬਾਨੀ ਵਿਕਾਸ ਅਫ਼ਸਰ ਬਠਿੰਡਾ ਨੇ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਵਿੱਤੀ ਸਹਾਇਤਾ ਵਾਲੀਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ। ਡਾ. ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ ਨੇ ਖੇਤੀ ਉਤਪਾਦਾਂ ਦੇ ਮੁੱਲ ਵਾਧਾ ਕਰਨ ਲਈ ਪ੍ਰੋਸੈਸਿੰਗ, ਗ੍ਰੇਡਿੰਗ, ਲੇਬਲਿੰਗ, ਬ੍ਰਾਂਡਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਤਪਾਦ ਐਗਮਾਰਕ ਕਰਵਾਉਣ ਦੇ ਫ਼ਾਇਦਿਆਂ ਅਤੇ ਪ੍ਰੀਕਿਰਿਆ ਬਾਰੇ ਦੱਸਿਆ। ਸੈਮੀਨਾਰ ਵਿੱਚ ਸ਼ਾਮਲ ਸਮੂਹ ਕਿਸਾਨਾਂ ਵੱਲੋਂ ਆਪਣੇ ਖੇਤੀ ਉਤਪਾਦਾਂ ਦੇ ਮੰਡੀਕਰਨ ਸਬੰਧੀ ਤਜਰਬੇ ਸਾਂਝੇ ਕੀਤੇ ਗਏ। ਇਸ ਮੌਕੇ ਮੰਡੀਕਰਨ ਵਿੰਗ ਦੇ ਅਧਿਕਾਰੀ ਕਰਮਚਾਰੀ ਅਤੇ ਜ਼ਿਲ੍ਹਾ ਬਠਿੰਡਾ ਦੇ ਅਗਾਂਹਵਧੂ ਕਿਸਾਨ ਮੌਜੂਦ ਸਨ।