ਝੋਨੇ ਦੀਆਂ ਕਿਸਮਾਂ ਤੇ ਜੀਵਾਣੂ ਖਾਦ ਵਰਤਣ ਲਈ ਪ੍ਰੇਰਿਆ
ਝੋਨੇ ਦੀਆਂ ਕਿਸਮਾਂ ਅਤੇ ਜੀਵਾਣੂ ਖਾਦ ਦੀ ਵਰਤੋਂ ਬਾਰੇ ਜਾਗਰੂਕਤਾ ਕੈਂਪ
Publish Date: Tue, 19 May 2026 04:36 PM (IST)
Updated Date: Wed, 20 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੀਏਯੂ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਗਿਆਨਾ ਅਤੇ ਮਲਕਾਣਾ ਵਿਖੇ ਕਿਸਾਨ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਕੈਂਪਾਂ ਦੀ ਅਗਵਾਈ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ ਕੇਵੀਕੇ ਵੱਲੋਂ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਤੇ ਨਵੀਆਂ ਸਿਫਾਰਸ਼ਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਇਸ ਦੌਰਾਨ ਡਾ. ਗੁਰਮੀਤ ਸਿੰਘ ਢਿੱਲੋਂ ਪ੍ਰੋਫੈਸਰ (ਪਸਾਰ ਸਿੱਖਿਆ) ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਫ਼ਸਲੀ ਪ੍ਰਬੰਧਨ ਅਤੇ ਜੀਵਾਣੂੰ ਖਾਦਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਪੀਆਰ.-126, ਪੀਆਰ.-128, ਪੀਆਰ.-131 ਅਤੇ ਪੀਆਰ.-132 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪੀਏਯੂ ਵੱਲੋਂ ਵਿਕਸਿਤ ਝੋਨੇ ਦੀ ਨਵੀਂ ਕਿਸਮ ਪੀ.ਆਰ.-133 ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਖੇਤੀ ਮਾਹਿਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਆਰ-133 ਇਕ ਉੱਚ ਝਾੜ ਵਾਲੀ ਕਿਸਮ ਹੈ, ਜਿਸ ਵਿੱਚ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਵੀ ਵਧੀਆ ਹੈ। ਇਸ ਦੇ ਨਾਲ ਹੀ ਇਸ ਕਿਸਮ ਦੀ ਚੌਲਾਂ ਦੀ ਰਿਕਵਰੀ ਵੀ ਹੋਰ ਕਿਸਮਾਂ ਦੇ ਮੁਕਾਬਲੇ ਜ਼ਿਆਦਾ ਹੈ, ਜਿਸ ਕਾਰਨ ਇਹ ਕਿਸਾਨਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ। ਵਿਗਿਆਨੀਆਂ ਵੱਲੋਂ ਝੋਨੇ ਅਤੇ ਨਰਮੇ ਦੀ ਫ਼ਸਲ ਵਿੱਚ ਜੀਵਾਣੂੰ ਟੀਕਿਆਂ ਅਤੇ ਜੀਵਾਣੂੰ ਖਾਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਰਮੇ ਦੇ ਜੀਵਾਣੂੰ ਟੀਕੇ 100 ਮਿਲੀ ਤਰਲ ਜੀਵਾਣੂੰ ਖਾਦ (1 ਸ਼ੀਸ਼ੀ) ਨੂੰ 125-150 ਮਿ.ਲੀ. ਪਾਣੀ ਵਿੱਚ ਪਾ ਕੇ ਇੱਕ ਘੋਲ ਤਿਆਰ ਕਰਕੇ ਇਸ ਵਿੱਚ ਇੱਕ ਏਕੜ ਨਰਮੇ ਦਾ ਬੀਜ ਪਾ ਕੇ 2 ਘੰਟਿਆ ਵਾਸਤੇ ਰੱਖ ਦਿਓ। ਇਸ ਤੋਂ ਬਾਅਦ ਸੋਧੇ ਹੋਏ ਬੀਜਾਂ ਨੂੰ 30 ਮਿੰਟ ਲਈ ਛਾਵੇਂ ਸੁਕਾ ਕੇ ਫਿਰ ਬਿਜਾਈ ਕਰੋ। ਇਸ ਤਰ੍ਹਾਂ ਹੀ ਝੋਨੇ ਲਈ ਇੱਕ ਪੈਕਟ (500 ਗ੍ਰਾਮ) ਜੀਵਾਣੂੰ ਖਾਦ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ 45 ਮਿੰਟ ਲਈ ਡੁਬੋਣ ਤੋਂ ਬਾਅਦ ਪਨੀਰੀ ਨੂੰ ਛੇਤੀ ਹੀ ਖੇਤ ਵਿੱਚ ਲਗਾ ਦਿਓ। ਕੈਂਪ ਦੌਰਾਨ ਕਿਸਾਨਾਂ ਨੇ ਖੇਤੀਬਾੜੀ ਨਾਲ ਸਬੰਧਤ ਆਪਣੇ ਸਵਾਲ ਵੀ ਮਾਹਿਰਾਂ ਸਾਹਮਣੇ ਰੱਖੇ, ਜਿਨ੍ਹਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਕਰਵਾਏ ਜਾ ਰਹੇ ਅਜਿਹੇ ਜਾਗਰੂਕਤਾ ਕੈਂਪਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਕੈਂਪ ਦੌਰਾਨ 128 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ ਅਤੇ ਜਾਣਕਾਰੀ ਹਾਸਲ ਕੀਤੀ।