ਘੋੜਾ ਟਰਾਲਾ ਨੇ ਟ੍ਰੈਕਟਰ ਨੂੰ ਮਾਰੀ ਜ਼ੋਰਦਾਰ ਟੱਕਰ, ਟ੍ਰੈਕਟਰ ਚਾਲਕ ਦੀ ਮੌਤ, ਟ੍ਰੈਕਟਰ ਦੋ ਹਿੱਸਿਆਂ 'ਚ ਵੰਡਿਆ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਨੇੜੇ ਬਣੇ ਟੋਲ ਪਲਾਜਾ ਕੋਲ ਮੰਡੀ ਡੱਬਵਾਲੀ ਤੋਂ ਪਿਆਜ਼ ਲੈਣ ਜਾ ਰਹੇ ਇਕ ਟਰੈਕਟਰ ਟਰਾਲੀ ਨੂੰ ਪਿੱਛੋਂ ਆ ਰਹੇ ਬੱਜਰੀ ਨਾਲ ਭਰੇ ਘੋੜਾ ਟਰਾਲੇ ਨੇ ਐਨੀ ਜ਼ੋਰਦਾਰ ਟੱਕਰ ਮਾਰੀ ਕਿ ਟਰੈਕਟਰ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਤੇ ਟ੍ਰੈਕਟਰ ਚਾਲਕ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦਾ ਅਗਲਾ ਹਿੱਸਾ ਕਾਫੀ ਦੂਰ ਜਾ ਡਿੱਗਿਆ।
ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਉਰਫ ਮੋਟਾ ਵਾਸੀ ਪਿੰਡ ਮੱਲਵਾਲਾ ਵਜੋਂ ਹੋਈ ਹੈ, ਜੋ ਪਿਛਲੇ ਪਿੰਡਾਂ ਵਿੱਚ ਪਿਆਜ਼ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਜਾਣਕਾਰੀ ਅਨੁਸਾਰ ਇਕਬਾਲ ਸਿੰਘ ਅੱਜ ਤੜਕੇ ਆਪਣੇ ਟਰੈਕਟਰ ਟਰਾਲੀ ‘ਤੇ ਮੰਡੀ ਡੱਬਵਾਲੀ ਤੋਂ ਪਿਆਜ਼ ਲੈਣ ਲਈ ਨਿਕਲਿਆ ਸੀ। ਜਿਵੇਂ ਹੀ ਉਹ ਜੱਸੀ ਬਾਗਵਾਲੀ ਨੇੜੇ ਟੋਲ ਪਲਾਜ਼ਾ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਬੱਜਰੀ ਨਾਲ ਭਰੇ ਤੇਜ਼ ਰਫ਼ਤਾਰ ਘੋੜਾ ਟਰਾਲਾ ਚਾਲਕ ਨੇ ਉਸ ਦੇ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਟਰੈਕਟਰ ਦੇ ਦੋ ਹਿੱਸੇ ਹੋ ਗਏ ਅਤੇ ਲੋਹੇ ਦੇ ਪੁਰਜ਼ੇ ਸੜਕ ‘ਤੇ ਕਈ ਫੁੱਟ ਤਕ ਖਿੱਲਰ ਗਏ। ਹਾਦਸੇ ਦੌਰਾਨ ਇਕਬਾਲ ਸਿੰਘ ਸੜਕ ‘ਤੇ ਜਾ ਡਿੱਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਤੇ ਟੋਲ ਪਲਾਜਾ ਦੇ ਮੁਲਾਜ਼ਮਾਂ ਵੱਲੋਂ ਤੁਰੰਤ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਨੂੰ ਸੂਚਿਤ ਕੀਤਾ। ਘਟਨਾ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨ ਅਤੇ ਥਾਣਾ ਸੰਗਤ ਅਧੀਨ ਪੈਂਦੀ ਪਥਰਾਲਾ ਚੌਂਕੀ ਦੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਸ ਵੱਲੋਂ ਹਾਦਸਾਗ੍ਰਸਿਤ ਵਾਹਨਾਂ ਨੂੰ ਸੜਕ ਤੋਂ ਇੱਕ ਪਾਸੇ ਕਰਵਾਇਆ ਗਿਆ ਅਤੇ ਹਾਦਸੇ ਕਾਰਨ ਪ੍ਰਭਾਵਿਤ ਆਵਾਜਾਈ ਨੂੰ ਮੁੜ ਬਹਾਲ ਕੀਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪਿੰਡ ਮੱਲਵਾਲਾ ਵਿੱਚ ਸੋਗ ਦਾ ਮਾਹੌਲ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਇਕਬਾਲ ਸਿੰਘ ਬਹੁਤ ਮਿਹਨਤੀ ਤੇ ਮਿਲਣਸਾਰ ਵਿਅਕਤੀ ਸੀ ਜੋ ਆਪਣੀ ਰੋਜ਼ੀ-ਰੋਟੀ ਲਈ ਹਰ ਰੋਜ਼ ਸਵੇਰੇ ਤੜਕੇ ਮੰਡੀ ਜਾਂਦਾ ਸੀ। ਪਥਰਾਲਾ ਚੌਂਕੀ ਦੀ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਘੋੜਾ ਟਰਾਲਾ ਚਾਲਕ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਭਿਆਨਕ ਹਾਦਸੇ ਨੇ ਇੱਕ ਵਾਰ ਫਿਰ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਵਧ ਰਹੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਏ ਜਾ ਰਹੇ ਭਾਰੀ ਵਾਹਨਾਂ ਦੇ ਖ਼ਤਰੇ ਨੂੰ ਉਜਾਗਰ ਕਰ ਦਿੱਤਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇ ‘ਤੇ ਭਾਰੀ ਵਾਹਨਾਂ ਦੀ ਰਫ਼ਤਾਰ ‘ਤੇ ਨਿਗਰਾਨੀ ਵਧਾਈ ਜਾਵੇ ਤਾਂ ਜੋ ਅਜਿਹੇ ਦਰਦਨਾਕ ਹਾਦਸਿਆਂ ਨੂੰ ਰੋਕਿਆ ਜਾ ਸਕੇ।