ਆਜ਼ਾਦ ਉਮੀਦਵਾਰ ਅੰਜਲੀ ਗਰਗ ਦੇ ਚੋਣ ਦਫ਼ਤਰ ਦਾ ਉਦਘਾਟਨ
ਆਜ਼ਾਦ ਉਮੀਦਵਾਰ ਅੰਜਲੀ ਗਰਗ ਦੇ ਚੋਣ ਦਫ਼ਤਰ ਦਾ ਧੂਮਧਾਮ ਨਾਲ ਉਦਘਾਟਨ
Publish Date: Mon, 18 May 2026 06:40 PM (IST)
Updated Date: Tue, 19 May 2026 04:07 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਇਸੇ ਤਹਿਤ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੀ ਅਤੇ ਮਿਊਂਸੀਪਲ ਕਮੇਟੀ ਦੀ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਰਹਿ ਚੁੱਕੀ ਅੰਜਲੀ ਗਰਗ ਦੇ ਚੋਣ ਦਫ਼ਤਰ ਦਾ ਬੜੀ ਧੂਮਧਾਮ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀਆਂ, ਸਮਰਥਕਾਂ ਅਤੇ ਮਹਿਲਾਵਾਂ ਦੀ ਹਾਜ਼ਰੀ ਵੇਖਣ ਨੂੰ ਮਿਲੀ। ਚੋਣ ਦਫ਼ਤਰ ਦੇ ਉਦਘਾਟਨ ਮੌਕੇ ਮਾਹੌਲ ਪੂਰੀ ਤਰ੍ਹਾਂ ਚੋਣੀ ਰੰਗ ਵਿੱਚ ਰੰਗਿਆ ਹੋਇਆ ਸੀ ਤੇ ਹਮਾਇਤੀਆਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਅੰਜਲੀ ਗਰਗ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਅੰਜਲੀ ਗਰਗ ਨੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ ਤੇ ਵੱਡੀ ਜਿੱਤ ਹਾਸਲ ਕੀਤੀ ਸੀ। ਇਸ ਵਾਰ ਉਹ ਕਿਸੇ ਵੀ ਸਿਆਸੀ ਪਾਰਟੀ ਦੀ ਬਜਾਏ ਆਪਣੇ ਦਮ ’ਤੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ। ਉਨ੍ਹਾਂ ਦੇ ਨਰਮ ਸੁਭਾਅ, ਮਿਲਣਸਾਰ ਪ੍ਰਵਿਰਤੀ ਤੇ ਲੋਕਾਂ ਨਾਲ ਨਿੱਜੀ ਸਬੰਧਾਂ ਕਰਕੇ ਵਾਰਡ ਵਿੱਚ ਉਨ੍ਹਾਂ ਨੂੰ ਵੱਡਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਅੰਜਲੀ ਗਰਗ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਮਾਨਦਾਰੀ ਨਾਲ ਲੋਕ ਸੇਵਾ ਕਰਦੀ ਰਹੇਗੀ। ਵਾਰਡ ਦੇ ਵਿਕਾਸ ਲਈ ਕਈ ਕੰਮ ਹਾਲੇ ਬਾਕੀ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਬਹੁਮਤ ਨਾਲ ਜਿੱਤ ਦਿਵਾ ਕੇ ਉਨ੍ਹਾਂ ਨੂੰ ਹੋਰ ਮਜ਼ਬੂਤੀ ਨਾਲ ਲੋਕ ਸੇਵਾ ਦਾ ਮੌਕਾ ਦੇਣ। ਸਮਾਗਮ ਦੌਰਾਨ ਵਾਰਡ ਦੇ ਮੋਹਤਬਰ ਵਿਅਕਤੀ, ਹਮਾਇਤੀ ਤੇ ਹੋਰ ਸਿਆਸੀ ਆਗੂ ਵੀ ਮੌਜੂਦ ਰਹੇ। ਚੋਣ ਦਫ਼ਤਰ ਦੇ ਉਦਘਾਟਨ ਨਾਲ ਵਾਰਡ ਨੰਬਰ 3 ਵਿੱਚ ਚੋਣੀ ਮਾਹੌਲ ਹੋਰ ਭਖ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।