ਨਸ਼ਾ ਜਾਗਰੂਕਤਾ ਸਮਾਗਮ ਦੌਰਾਨ ਨਸ਼ਾਮੁਕਤੀ ਦੇ ਪੋਸਟਰ ਰਿਲੀਜ਼
ਨਸ਼ਾ ਮੁਕਤੀ ਚੇਤਨਾ ਸੰਘ ਵੱਲੋਂ ਸਕੂਲਾਂ ਵਿੱਚ ਨਸ਼ਾ ਜਾਗਰੂਕਤਾ ਸਮਾਗਮ
Publish Date: Mon, 18 May 2026 05:13 PM (IST)
Updated Date: Tue, 19 May 2026 04:04 AM (IST)

ਸਟਾ਼ਡ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਦੇ ਬੁਲਾਰੇ ਅਤੇ ਇੰਚਾਰਜ ਅਕਾਦਮਿਕ ਕਾਰਜਾਂ ਡਾ. ਜਸਪਾਲ ਸਿੰਘ ਵੱਲੋਂ ਸ਼ਹਿਰ ਦੇ ਤਿੰਨ ਪ੍ਰਮੁੱਖ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਰਾਮਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਕੋਟ ਸ਼ਮੀਰ ਅਤੇ ਸ਼ਹੀਦ ਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਮਾਲ ਰੋਡ ਵਿਖੇ ਨਸ਼ਾ ਜਾਗਰੂਕਤਾ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਚੰਗੇ ਚਰਿੱਤਰ, ਉੱਚ ਆਦਰਸ਼ਾਂ ਅਤੇ ਭਾਰਤੀ ਸੰਸਕਾਰਾਂ ਨਾਲ ਜੋੜਨਾ ਸੀ। ਆਪਣੇ ਸੰਬੋਧਨ ਦੌਰਾਨ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਮਨੁੱਖ ਦੇ ਸਰੀਰ, ਮਨ, ਪਰਿਵਾਰ ਅਤੇ ਸਮਾਜ ਨੂੰ ਅੰਦਰੋਂ ਖੋਕਲਾ ਕਰ ਦਿੰਦੇ ਹਨ, ਇਸ ਲਈ ਜਾਗਰੂਕਤਾ ਹੀ ਇਸ ਸਮੱਸਿਆ ਦਾ ਸਭ ਤੋਂ ਵੱਡਾ ਹੱਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਬਾਈਲ ਦੀ ਅਤਿ ਵਰਤੋਂ, ਪੱਛਮੀ ਭੌਤਿਕਵਾਦੀ ਸੋਚ ਅਤੇ ਗਲਤ ਸੰਗਤ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਆਪਣੀ ਊਰਜਾ ਨੂੰ ਸਿੱਖਿਆ, ਖੇਡਾਂ, ਸਾਹਿਤ ਅਤੇ ਰਾਸ਼ਟਰ ਨਿਰਮਾਣ ਵੱਲ ਲੈ ਕੇ ਜਾਣ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਵੀ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸੰਘ ਦੇ ਯਤਨਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ। ਸਮਾਗਮਾਂ ਦੌਰਾਨ ਵਿਦਿਆਰਥੀਆਂ ਨੇ ਵੀ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਹੁੰ ਚੁੱਕੀ।