ਮਰਦਮਸ਼ੁਮਾਰੀ : ਗਿਣਤੀਕਾਰਾਂ ਵਲੋਂ ਘਰਾਂ ਦਾ ਸੂਚੀਕਰਨ ਸ਼ੁਰੂ
ਮਰਦਮਸ਼ੁਮਾਰੀ : ਗਿਣਤੀਕਾਰਾਂ ਵਲੋਂ ਘਰਾਂ ਦਾ ਸੂਚੀਕਰਨ ਸ਼ੁਰੂ
Publish Date: Mon, 18 May 2026 05:04 PM (IST)
Updated Date: Tue, 19 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ; ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ 13 ਜੂਨ 2026 ਤਕ ਘਰ-ਘਰ ਜਾ ਕੇ ਘਰਾਂ ਦਾ ਸੂਚੀਕਰਨ ਕੀਤਾ ਜਾਣਾ ਹੈ। ਜ਼ਿਲ੍ਹਾ ਬਠਿੰਡਾ ਵਿੱਚ ਤਾਇਨਾਤ ਵੱਖ-ਵੱਖ ਗਿਣਤੀਕਾਰਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ-ਸਹਿਤ-ਪ੍ਰਮੁੱਖ- ਜਨਗਣਨਾ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਆਈਏਐੱਸਕਿਹਾ ਕਿ ਜ਼ਿਲ੍ਹੇ ਵਿਚ ਅੱਜ ਸ਼ਨੀਵਾਰ ਵਾਲੇ ਦਿਨ ਗਿਣਤੀਕਾਰਾਂ ਵੱਲੋਂ ਆਪਣੇ-ਆਪਣੇ ਨਿਰਧਾਰਤ ਖੇਤਰਾਂ ਵਿੱਚ ਘਰਾਂ ਦਾ ਸੂਚੀਕਰਨ ਕੀਤਾ। ਡੀਸੀ ਰਾਜੇਸ਼ ਧੀਮਾਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਰਾਂ 'ਤੇ ਆਏ ਗਿਣਤੀਕਾਰਾਂ ਨੂੰ ਸਹੀ ਸੂਚਨਾ ਮੁਹੱਈਆ ਕਰਵਾਉਣ ਅਤੇ ਆਪਣਾ ਬਣਦਾ ਅਹਿਮ ਯੋਗਦਾਨ ਜਨਗਣਨਾ ਵਿੱਚ ਪਾਉਣ। ਇਸ ਕਾਰਜ ਲਈ 1900 ਤੋਂ ਵੱਧ ਗਿਣਤੀਕਾਰ ਸਮੇਤ ਰਾਖਵਾਂ ਸਟਾਫ਼ ਤਾਇਨਾਤ ਕੀਤੇ ਗਏ ਹਨ ਤੇ 317 ਸੁਪਰਵਾਈਜ਼ਰ ਲਗਾਏ ਗਏ ਹਨ। ਗਿਣਤੀਕਾਰਾਂ ਨੂੰ ਮੁਕੰਮਲ ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਮਕਾਨ ਸੂਚੀਕਰਨ ਤੇ ਰਿਹਾਇਸ਼ੀ ਜਨਗਣਨਾ ਲਈ 33 ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿਚ ਇਮਾਰਤ ਨੰਬਰ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਨੰਬਰ), ਮਕਾਨ ਨੰਬਰ, ਮਕਾਨ ਦੇ ਫਰਸ਼ ਦੀ ਮੁੱਖ ਸਮੱਗਰੀ, ਪਰਿਵਾਰ ਵਿੱਚ ਆਮ ਤੌਰ 'ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸ਼ਾਮਲ ਹਨ।