ਬੱਸ ਹੇਠਾਂ ਆਉਣ ਕਾਰਨ ਬਜ਼ੁਰਗ ਔਰਤ ਦੀਆਂ ਲੱਤਾਂ ਕੁਚਲੀਆਂ, ਹਾਲਤ ਗੰਭੀਰ
ਬੱਸ ਹੇਠਾਂ ਆਉਣ ਕਾਰਨ ਬਜ਼ੁਰਗ ਔਰਤ ਦੀਆਂ ਲੱਤਾਂ ਕੁਚਲੀਆਂ, ਹਾਲਤ ਗੰਭੀਰ
Publish Date: Mon, 18 May 2026 04:37 PM (IST)
Updated Date: Tue, 19 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਬੱਸ ਅੱਡੇ ’ਤੇ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪੀਆਰਟੀਸੀ ਡਿਪੂ ਨੇੜੇ ਇਕ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇਕ ਬਜ਼ੁਰਗ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਦੌਰਾਨ ਔਰਤ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ, ਜਿਸ ਕਾਰਨ ਉਹ ਲਹੂ-ਲੁਹਾਨ ਹਾਲਤ ਵਿੱਚ ਸੜਕ ’ਤੇ ਡਿੱਗ ਪਈ। ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗਿੱਲ ਆਪਣੀ ਐਂਬੂਲੈਂਸ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਟੀਮ ਵੱਲੋਂ ਗੰਭੀਰ ਜ਼ਖ਼ਮੀ ਅਤੇ ਲਹੂ-ਲੁਹਾਨ ਹਾਲਤ ਵਿੱਚ ਪਈ ਬਜ਼ੁਰਗ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਅਨੁਸਾਰ ਹਾਦਸੇ ਵਿੱਚ ਔਰਤ ਦੀ ਇਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਹੈ ਅਤੇ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ। ਔਰਤ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਡਾਕਟਰਾਂ ਨੇ ਉਸ ਨੂੰ ਅੱਗੇ ਦੇ ਇਲਾਜ ਲਈ ਏਮਜ਼ ਹਸਪਤਾਲ ਰੈਫਰ ਕਰ ਦਿੱਤਾ। ਜ਼ਖ਼ਮੀ ਔਰਤ ਦੀ ਪਛਾਣ ਪਰਮਜੀਤ ਕੌਰ ਪਤਨੀ ਅਜੈਬ ਸਿੰਘ (65) ਵਾਸੀ ਮਾਨਸਾ ਵਜੋਂ ਹੋਈ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।