ਅਕਾਲੀ ਆਗੂ ਦੇ ਪੁੱਤਰ ’ਤੇ ਹਮਲਾ, ਚਾਰ ਦਿਨ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ
ਅਕਾਲੀ ਆਗੂ ਦੇ ਪੁੱਤਰ ’ਤੇ ਜਾਨਲੇਵਾ ਹਮਲਾ, ਚਾਰ ਦਿਨ ਬਾਅਦ ਵੀ ਪੁਲਿਸ ਖਾਲੀ ਹੱਥ
Publish Date: Mon, 18 May 2026 04:36 PM (IST)
Updated Date: Tue, 19 May 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭੁੱਚੋ ਮੰਡੀ ਦੇ ਸੀਨੀਅਰ ਅਕਾਲੀ ਆਗੂ ਨਰਦੀਪ ਗਰਗ ਦੇ ਪੁੱਤਰ ਅਤੇ ਸ਼ੁਭਨੰਦਨ ਗਰਗ ਦੇ ਭਤੀਜੇ ਜੈਦੀਪ ਗਰਗ ਉਰਫ਼ ਜਿੰਮੀ ’ਤੇ ਹੋਏ ਜਾਨਲੇਵਾ ਹਮਲੇ ਨੂੰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਹਮਲਾਵਰਾਂ ਤਕ ਨਹੀਂ ਪਹੁੰਚ ਸਕੀ। ਹਾਲਾਂਕਿ ਪੁਲਿਸ ਵੱਲੋਂ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾ ਰਹੇ ਹਨ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਥਾਣਾ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸ਼ੁਭਨੰਦਨ ਗਰਗ ਵਾਸੀ ਭੁੱਚੋ ਮੰਡੀ ਨੇ ਦੱਸਿਆ ਕਿ ਉਸ ਦਾ ਭਰਾ ਭੁੱਚੋ ਮੰਡੀ ਦੇ ਵਾਰਡ ਨੰਬਰ ਦੋ ਤੋਂ ਕੌਂਸਲਰ ਦੀ ਚੋਣ ਲੜ ਰਿਹਾ ਸੀ। 15 ਮਈ ਨੂੰ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਸੀ ਤੇ ਪਰਿਵਾਰ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਾਮ ਸਮੇਂ ਜਦੋਂ ਉਹ ਪ੍ਰਚਾਰ ਖਤਮ ਕਰਕੇ ਘਰ ਵਾਪਸ ਪੁੱਜੇ ਤਾਂ ਉਨ੍ਹਾਂ ਦਾ ਭਤੀਜਾ ਜੈਦੀਪ ਗਰਗ ਘਰ ਨਹੀਂ ਆਇਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪੜਤਾਲ ਦੌਰਾਨ ਪਤਾ ਲੱਗਾ ਕਿ ਜੈਦੀਪ ਗਰਗ ਸ਼ਾਂਤੀ ਪਵਨ ਹਾਲ, ਭੁੱਚੋ ਮੰਡੀ ਦੇ ਗੇਟ ਨੇੜੇ ਜ਼ਖ਼ਮੀ ਹਾਲਤ ’ਚ ਪਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਸਰੀਰ ’ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੇ ਸਰੀਰ ਵਿੱਚੋਂ ਖੂਨ ਵਗ ਰਿਹਾ ਸੀ। ਹਮਲਾਵਰਾਂ ਨੇ ਉਸ ਦੀ ਕਾਲੇ ਰੰਗ ਦੀ ਸਕਾਰਪਿਓ ਗੱਡੀ ਦੀ ਵੀ ਭੰਨਤੋੜ ਕੀਤੀ ਹੋਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਜੈਦੀਪ ਗਰਗ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ। ਜ਼ਖ਼ਮੀ ਜੈਦੀਪ ਗਰਗ ਨੂੰ ਤੁਰੰਤ ਇਲਾਜ ਲਈ ਆਦੇਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।