ਜੁਗਾੜੂ ਰੇਹੜੀਆਂ ਖ਼ਿਲਾਫ਼ ਸਖ਼ਤੀ, ਮਿਸਤਰੀ ਸਮੇਤ ਮਾਲਕ ’ਤੇ ਕੇਸ ਦਰਜ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਵੱਲੋਂ ਸੜਕਾਂ ’ਤੇ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਜੁਗਾੜੂ ਰੇਹੜੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਨਾ ਸਿਰਫ਼ ਅਜਿਹੀਆਂ ਰੇਹੜੀਆਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਸਗੋਂ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਮਿਸਤਰੀਆਂ ਤੇ ਵਰਕਸ਼ਾਪ ਮਾਲਕਾਂ ਨੂੰ ਵੀ ਕਾਨੂੰਨੀ ਘੇਰੇ ਵਿੱਚ ਲਿਆਂਦਾ ਜਾਵੇਗਾ। ਇਸ ਕਾਰਵਾਈ ਦੇ ਤਹਿਤ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਇਕ ਜੁਗਾੜੂ ਰੇਹੜੀ ਜ਼ਬਤ ਕਰਕੇ ਉਸ ਦੇ ਮਾਲਕ ਅਜੇ ਕੁਮਾਰ ਵਾਸੀ ਮੰਡੀ ਡੱਬਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਰੇਹੜੀ ਤਿਆਰ ਕਰਨ ਵਾਲੇ ਭਗਤਾ ਭਾਈਕਾ ਦੇ ਮਿਸਤਰੀ ਖ਼ਿਲਾਫ਼ ਵੀ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਾ ਮੰਡੀ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਖੇਤਰ ਵਿੱਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਇਕ ਜੁਗਾੜੂ ਰੇਹੜੀ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਨੰਬਰ ਪੀਬੀ-39-ਵੀ-8663 ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰੇਹੜੀ ਵਿੱਚ ਫਿੱਟ ਕਰਕੇ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰੇਹੜੀ ਨੂੰ ਜ਼ਬਤ ਕਰ ਲਿਆ ਤੇ ਮੌਕੇ ’ਤੇ ਹੀ ਰੇਹੜੀ ਮਾਲਕ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਜੁਗਾੜੂ ਰੇਹੜੀ ਗੁਰਚਰਨ ਸਿੰਘ ਭਗਤਾ ਭਾਹੀਕਾ ਤੋਂ ਤਿਆਰ ਕਰਵਾਈ ਸੀ, ਜੋ ਜੀਐੱਸ ਇੰਜੀਨੀਅਰਿੰਗ ਵਰਕਸ, ਭਗਤਾ ਭਾਈ ਕਾ ਵਿੱਚ ਮਿਸਤਰੀ ਦਾ ਕੰਮ ਕਰਦਾ ਹੈ। ਪੁਲਿਸ ਨੇ ਮਾਮਲੇ ’ਚ ਗੁਰਚਰਨ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੁਗਾੜੂ ਰੇਹੜੀਆਂ ਸੜਕ ਸੁਰੱਖਿਆ ਲਈ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਰੇਹੜੀਆਂ ਵਿੱਚ ਸੁਰੱਖਿਆ ਦੇ ਕੋਈ ਪੱਕੇ ਪ੍ਰਬੰਧ ਨਹੀਂ ਹੁੰਦੇ ਅਤੇ ਨਾ ਹੀ ਇਹ ਟ੍ਰੈਫ਼ਿਕ ਨਿਯਮਾਂ ਅਨੁਸਾਰ ਤਿਆਰ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਜੁਗਾੜੂ ਰੇਹੜੀਆਂ ਪੁਰਾਣੇ ਮੋਟਰਸਾਈਕਲਾਂ ਜਾਂ ਹੋਰ ਵਾਹਨਾਂ ਦੇ ਪਾਰਟਸ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਨਾ ਤਾਂ ਢੰਗ ਦੇ ਬ੍ਰੇਕ ਹੁੰਦੇ ਹਨ ਤੇ ਨਾ ਹੀ ਰਾਤ ਸਮੇਂ ਚੱਲਣ ਲਈ ਲਾਈਟਾਂ ਜਾਂ ਹੋਰ ਸੁਰੱਖਿਆ ਉਪਕਰਨ ਲਗੇ ਹੁੰਦੇ ਹਨ। ਪੁਲਿਸ ਅਨੁਸਾਰ ਪਿੰਡਾਂ ਤੇ ਕਸਬਿਆਂ ਵਿੱਚ ਇਹ ਰੇਹੜੀਆਂ ਅਕਸਰ ਸਵਾਰੀਆਂ ਅਤੇ ਸਮਾਨ ਢੋਣ ਲਈ ਵਰਤੀਆਂ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾ ਲਈਆਂ ਜਾਂਦੀਆਂ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਕਈ ਅਜਿਹੇ ਸੜਕ ਹਾਦਸੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਜੁਗਾੜੂ ਰੇਹੜੀਆਂ ਦੇ ਪਲਟਣ ਜਾਂ ਟਕਰਾਉਣ ਕਾਰਨ ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਟਰੈਫ਼ਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੁਗਾੜੂ ਰੇਹੜੀਆਂ ਨਾ ਤਾਂ ਰਜਿਸਟਰਡ ਹੁੰਦੀਆਂ ਹਨ ਤੇ ਨਾ ਹੀ ਇਨ੍ਹਾਂ ਦਾ ਕੋਈ ਬੀਮਾ ਹੁੰਦਾ ਹੈ। ਹਾਦਸੇ ਦੀ ਸੂਰਤ ਵਿੱਚ ਪੀੜਤਾਂ ਨੂੰ ਮੁਆਵਜ਼ਾ ਮਿਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਹ ਵਾਹਨ ਵਾਤਾਵਰਨ ਪ੍ਰਦੂਸ਼ਣ ਦਾ ਕਾਰਨ ਵੀ ਬਣਦੇ ਹਨ, ਕਿਉਂਕਿ ਇਨ੍ਹਾਂ ’ਚ ਵਰਤੇ ਜਾਣ ਵਾਲੇ ਪੁਰਾਣੇ ਇੰਜਣ ਜ਼ਿਆਦਾ ਧੂੰਆਂ ਛੱਡਦੇ ਹਨ।