ਸ਼ਹਿਰ ਦੇ ਲੋਕ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ, ਕਈ ਥਾਈਂ ਨਹੀ ਮਿਲ ਰਿਹਾ ਪਾਣੀ
ਸ਼ਹਿਰ ਦੇ ਲੋਕ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ , ਕਈ ਖੇਤਰਾਂ ’ਚ ਨਹੀ ਮਿਲ ਰਿਹਾ ਪਾਣੀ
Publish Date: Sun, 17 May 2026 06:55 PM (IST)
Updated Date: Mon, 18 May 2026 04:12 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਲੋਕ ਜਿੱਥੇ ਕੂੜੇ ਤੋਂ ਪ੍ਰੇਸ਼ਾਨ ਹਨ ਉਥੇ ਹੀ ਕਈ ਖੇਤਰਾਂ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ। ਡਾ. ਅਜੀਤਪਾਲ ਸਿੰਘ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਨੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ-ਥਾਂ ’ਤੇ ਸੜਕਾਂ ਗਲੀਆਂ ਤੇ ਮੁਹੱਲਿਆਂ ’ਚ ਕੂੜੇ ਦੇ ਢੇਰ ਲੱਗਣ ਕਾਰਨ ਗੰਭੀਰ ਬਿਮਾਰੀਆਂ ਫੈਲਣ ਦੇ ਖਤਰੇ ਬਾਰੇ ਸੁਚੇਤ ਕਰਦਿਆਂ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਪੰਜਾਬ ਭਾਰ ਚ ਸਫਾਈ ਕਰਮਚਾਰੀਆਂ ਦੀ ਹੜਤਾਲ ਪ੍ਰਤੀ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਦੀ ਬੇਰੁਖੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਿਉਂਸਪਲ ਮੁਲਾਜਮਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਹਾਕਮਾਂ ਦਾ ਸਵਿੰਧਾਨਕ ਫਰਜ਼ ਬਣਦਾ ਹੈ ਜੋ ਨਿਭਾਇਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸ਼ਨ ਦਾ ਸਾਰਾ ਧਿਆਨ ਚੋਣਾਂ ਵੱਲ ਹੈ, ਪਰ ਲੋਕ ਵੀ ਚੁੱਪ ਕਰਕੇ ਬੈਠਣ ਵਾਲੇ ਨਹੀਂ । ਵੋਟ ਮੰਗਣ ਆਉਂਦੇ ਉਮੀਦਵਾਰਾਂ ਨੂੰ ਘੇਰ ਕੇ ਸੁਆਲ ਪੁੱਛਣਾ ਚਾਹੀਦਾ ਹੈ। ਸਾਡੇ ਸਾਰੇ ਸ਼ਹਿਰੀਆਂ ਨੂੰ ਕਿ ਸਫਾਈ ਮੁਲਾਜ਼ਮਾਂ ਨੂੰ ਠੇਕੇ ਤੇ ਰੱਖ ਕੇ ਨਿਗੁਣੀਆਂ ਤਨਖਾਹਾਂ ਦਿੰਦੇ ਰਹਿਣ ਕਾਰਨ ਹੀ ਹੜਤਾਲ ਦੀ ਨੌਬਤ ਆਈ ਹੈ। ਪੱਕੇ ਕਾਮੇ ਇਉਂ ਨਹੀਂ ਭਰਤੀ ਕੀਤੇ ਜਾਂਦੇ ? ਸਾਰੇ ਘਰਾਂ ਤੋਂ ਕੂੜਾ ਚੁੱਕਣ ਦੇ ਰੈਗੂਲਰ ਪੈਸੇ ਉਗਰਾਹੇ ਜਾਣ ਦੇ ਬਾਵਜੂਦ ਸ਼ਹਿਰ ਕਿਉਂ ਕੂੜੇ ਦੇ ਢੇਰਾਂ ’ਚ ਬਦਲ ਗਿਆ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਨਾਗਰਿਕ ਚੇਤਨਾ ਮੰਚ ਬਠਿੰਡਾ ਪਹਿਲਾਂ ਹੀ ਇਸ ਸਬੰਧੀ ਸਰਕਾਰ ਤੋਂ ਮੰਗ ਕਰ ਚੁੱਕੇ ਹਨ ਕਿ ਠੇਕੇ ’ਤੇ ਰੱਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਮੰਨੀ ਜਾਵੇ ਅਤੇ ਹੜਤਾਲ ਜਲਦੀ ਖੁਲਾਈ ਜਾਵੇ। ਸ਼ਹਿਰ ਤੋਂ ਹਰ ਕਿਸਮ ਦਾ ਕੂੜਾ-ਕਰਕਟ ਗਲੀ ਮਹੱਲਿਆਂ ’ਚੋਂ ਚੁਕਾਇਆ ਜਾਵੇ ਤੇ ਬਿਮਾਰੀਆਂ ਨੂੰ ਫੈਲਣ ਤੋਂ ਲੋਕਾਂ ਨੂੰ ਬਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਬੀਬੀ ਰੋਡ ’ਤੇ ਤਾਂ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਾਂ, ਕਿਉਂਕਿ ਸਪਲਾਈ ਤਿੰਨ ਦਿਨ ਹੋ ਗਏ ਆ ਨਹੀਂ ਰਹੀ ਅਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਰਿਪੇਅਰ ਚੱਲ ਰਹੀ ਹੈ। ਇਹ ਉਦੋਂ ਹੋਇਆ ਹੈ, ਜਦੋਂ ਪਾਣੀ ਦਾ ਕੰਟਰੋਲ ਮਿਊਨਸੀਪਲ ਕਾਰਪੋਰੇਸ਼ਨ ਅਧੀਨ ਆਇਆ ਹੈ ਅਤੇ ਇਸ ਪਾਸੇ ਨਿਘਾਰ ਦੇਖਣ ਨੂੰ ਮਿਲਿਆ ਹੈ l ਉੱਪਰੋਂ ਅੱਤ ਦੀ ਗਰਮੀ ਹੈ ਅਤੇ ਪਾਣੀ ਦੀ ਸਪਲਾਈ ਘੱਟ ਤੇ ਸ਼ਹਿਰ ’ਚ ਗੰਦਗੀ ਕੂੜੇ ਕਾਰਨ ਫੈਲੀ ਹੋਣ ਕਰਕੇ ਲੋਕ ਟੱਟੀਆਂ ਉਲਟੀਆਂ ਦਾ ਸ਼ਿਕਾਰ ਹੋ ਰਹੇ ਹਨ।