ਦੂਰਬੀਨ ਨਾਲ ਪਿੱਤੇ ’ਚੋਂ ਕੱਢੀਆਂ 450 ਪਥਰੀਆਂ
ਦੂਰਬੀਨ ਨਾਲ ਆਪਰੇਸ਼ਨ ਕਰਕੇ ਪਿੱਤੇ ’ਚੋਂ ਕੱਢੀਆਂ 450 ਪਥਰੀਆਂ
Publish Date: Sun, 17 May 2026 05:48 PM (IST)
Updated Date: Mon, 18 May 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸਿਹਤ ਕੇਂਦਰ ਸੰਗਤ ਵਿਖੇ ਕਾਫ਼ੀ ਸਾਲਾਂ ਬਾਅਦ ਮੁੜ ਸ਼ੁਰੂ ਹੋਇਆ ਆਪਰੇਸ਼ਨ ਥੀਏਟਰ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜਿੱਥੇ ਦੂਰਬੀਨ ਨਾਲ ਪਿੱਤੇ ਦਾ ਆਪ੍ਰੇਸ਼ਨ ਕਰਕੇ 450 ਤੋਂ ਵੱਧ ਵੱਡੀਆਂ-ਛੋਟੀਆਂ ਪਥਰੀਆਂ ਨੂੰ ਬਾਹਰ ਕੱਢ ਕੇ ਇਕ ਮਹਿਲਾ ਮਰੀਜ਼ ਦਾ ਇਲਾਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡਾ. ਅੰਕੁਸ਼ ਮੌਂਗਾ ਵਲੋਂ ਮਹੀਨੇ ਦੇ ਪਹਿਲੇ ਤੇ ਤੀਜੇ ਵੀਰਵਾਰ ਨਲਬੰਦੀ ਦੇ ਸਫਲ ਆਪਰੇਸ਼ਨ ਕੀਤੇ ਜਾ ਰਹੇ ਹਨ। ਸੰਗਤ ਹਸਪਤਾਲ ਵਿਖੇ ਸੇਵਾਵਾਂ ਨਿਭਾਅ ਰਹੇ ਸਰਜਨ ਡਾ. ਮੌਂਗਾ ਵੱਲੋਂ ਮਰੀਜ਼ ਦੀ ਜਾਂਚ ’ਚ ਵੇਖਿਆ ਕਿ ਪਿੱਤੇ ’ਚ ਵੱਡੇ ਤੇ ਬੇਹੱਦ ਛੋਟੇ ਆਕਾਰ ਦੀਆਂ ਸੈਂਕੜੇ ਪਥਰੀਆਂ ਸਨ, ਜਿਸ ਨਾਲ ਮਰੀਜ਼ ਪਰੇਸ਼ਾਨੀ ਵਿੱਚ ਸੀ। ਪੀੜਤ ਮਹਿਲਾ ਮਰੀਜ਼ ਦੀ ਪਰੇਸ਼ਾਨੀ ਨੂੰ ਵੇਖਦਿਆਂ ਡਾ. ਵੱਲੋਂ ਨਿੱਜੀ ਤੌਰ ’ਤੇ ਆਪਣੇ ਖਰਚੇ ’ਤੇ ਦੂਰਬੀਨ ਨਾਲ ਆਪ੍ਰੇਸ਼ਨ ਦਾ ਪ੍ਰਬੰਧ ਕੀਤਾ, ਜਿਸ ਦੀ ਮਰੀਜ਼ਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਮੌਂਗਾ ਨੇ ਕਿਹਾ ਕਿ ਸਿਵਲ ਸਰਜਨ ਡਾ. ਤਪਿੰਦਰਜੋਤ ਕੌਂਸ਼ਲ ਤੇ ਐੱਸਐੱਮਓ ਡਾ. ਪਾਮਿਲ ਬਾਂਸਲ ਦੇ ਉੱਦਮਾਂ ਸਦਕਾ ਸੰਗਤ ਹਸਪਤਾਲ ਦਾ ਆਪਰੇਸ਼ਨ ਥੀਏਟਰ 14 ਸਾਲਾਂ ਬਾਅਦ ਮੁੜ ਲੋਕਾਂ ਦੀ ਸੇਵਾ ਲਈ ਤਿਆਰ ਹੈ। ਉਨ੍ਹਾਂ ਦਸਿਆ ਕਿ ਇਸ ਆਪਰੇਸ਼ਨ ਨੂੰ ਡਿਊਟੀ ਸਮੇਂ ਤੋਂ ਬਾਅਦ ਕੰਮ ਕਰਕੇ ਰਵਿੰਦਰ ਕੌਰ ਸਟਾਫ ਨਰਸ, ਸੀਮਾ ਸਟਾਫ ਨਰਸ, ਪਰਮਿੰਦਰ ਕੌਰ, ਸੀਮਾ ਅਤੇ ਏਮਜ ਬਠਿੰਡਾ ਦੀ ਮੈਡੀਕਲ ਟੀਮ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਆਪ੍ਰੇਸ਼ਨ ਨੂੰ ਸਫ਼ਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਜੇਕਰ ਕਿਸੇ ਵੀ ਮਰੀਜ਼ ਨੁੰ ਸਿਹਤ ਸੇਵਾਵਾਂ ਦੀ ਜ਼ਰੂਰਤ ਹੋਵੇ ਉਨ੍ਹਾਂ ਸੰਗਤ ਹਸਪਤਾਲ ’ਚ ਮਿਲ ਸਕਦੇ ਹਨ। ਹਸਪਤਾਲ ’ਚ ਆਪ੍ਰੇਸ਼ਨ ਥੀਏਟਰ ਸ਼ੁਰੂ ਹੋਣ ਕਰਕੇ ਹੁਣ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਜਾ ਕੇ ਅਤੇ ਪੈਸੇ ਖਰਚ ਕਰਕੇ ਇਲਾਜ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।