ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, 20 ਫੀਸਦੀ ਪਾਣੀ ਦੀ ਹੋਵੇਗੀ ਬੱਚਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਧਰਤੀ ਦੇ ਪਾਣੀ ਨੂੰ ਮੁੱਖ ਰੱਖਦੇ ਹੋਏ ਡਾਕਟਰ ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਦੇ ਦਿਸਾ-ਨਿਰਦੇਸ਼ਾਂ ਤਹਿਤ ਡਾਕਟਰ ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੀ ਹਾਜਰੀ ਵਿੱਚ ਜ਼ਿਲ੍ਹਾ ਦੇ ਬਲਾਕ ਸੰਗਤ ਦੇ ਪਿੰਡ ਰਾਏ ਕੇ ਕਲਾਂ ਦੇ ਕਿਸਾਨ ਬੋਹੜ ਸਿੰਘ ਪੁੱਤਰ ਸਰਵਨ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ ਗਈ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾਕਟਰ ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਇਸ ਨਾਲ ਕਿਸਾਨਾਂ ਦਾ ਖਰਚਾ ਵੀ ਬਹੁਤ ਘੱਟ ਜਾਂਦਾ ਹੈ ਕਿਉਂਕਿ ਕੱਦੂ ਕਰਕੇ ਝੋਨਾ ਲਾਉਣ ਨਾਲ ਪਾਣੀ ਦੀ ਬਹੁਤ ਜਿਆਦਾ ਖਪਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ 10 ਫੀਸਦੀ ਤੋਂ 20 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ 10-12 ਫ਼ੀਸਦੀ ਜ਼ਿਆਦਾ ਰੀਚਾਰਜ ਹੋ ਜਾਂਦਾ ਹੈ, ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਅਤੇ ਅਗਲੀ ਕਣਕ ਦੀ ਫਸਲ ਦਾ 100 ਕਿਲੋ ਪ੍ਰਤੀ ਏਕੜ ਝਾੜ ਵੀ ਵਧ ਜਾਂਦਾ ਹੈ ਅਤੇ ਖੇਤ ਇਕ ਹਫਤਾ ਪਹਿਲਾਂ ਖਾਲੀ ਹੋ ਜਾਂਦਾ ਹੈ ਜਿਸ ਨਾਲ ਝੋਨੇ ਦੀ ਪਰਾਲੀ ਸਾਂਭ-ਸੰਭਾਲ ਲਈ ਸਮਾਂ ਮਿਲ ਜਾਂਦਾ ਹੈ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ ਹੀ ਕੀਤੀ ਜਾਵੇ, ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ ਕਿਉ ਜੋ ਹਲਕੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕੀਤੀ ਜਾਂਦੀ ਹੈ, ਉਹ ਖੇਤੀਬਾੜੀ ਵਿਭਾਗ ਦੇ ਐਗਰੀ ਮਸ਼ੀਨਰੀ ਪੋਰਟਲ ਤੇ ਰਜਿਸਟਰ ਵੀ ਜਰੂਰ ਕਰਨ ਜਾਂ ਫਿਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਰਜਿਸਟਰਡ ਕਰਵਾ ਸਕਦੇ ਹਨ ਤਾਂ ਜੋ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਾ ਲਾਭ ਮਿਲ ਸਕੇ। ਇਸ ਦੌਰਾਨ ਬਲਾਕ ਖੇਤੀਬਾੜੀ ਅਫਸਰ ਸੰਗਤ, ਡਾਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਪਿੰਡ ਰਾਏ ਕੇ ਕਲਾਂ ਵਿਖੇ ਲਗਭਗ 2000 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇੱਕ ਲਿਟਰ ਪ੍ਰਤੀ ਏਕੜ ਸਟੌਂਪ 30 ਈ.ਸੀ. ਜਾਂ ਪੇਪੇ 25 ਐਸ.ਈ. ਦਵਾਈ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇਕਰ ਬਿਜਾਈ ਟੇਡੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ ਅਤੇ ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ ਨਦੀਨਨਾਸ਼ਕ ਦਾ ਛਿੜਕਾਅ ਕਰੋ। ਇਸ ਦੌਰਾਨ ਉਹਨਾਂ ਨਾਲ ਡਾ. ਦਿਲਪ੍ਰੀਤ ਸਿੰਘ ਏਡੀਓ ਸੰਗਤ, ਡਾਕਟਰ ਗੁਰਪ੍ਰੀਤ ਸਿੰਘ ਏਡੀਓ (ਟੀਏ.), ਡਾਕਟਰ ਸੁਖਜੀਤ ਸਿੰਘ ਏਡੀਓ (ਬੀਜ) ਅਤੇ ਮਿਸ ਰਵਨੀਤ ਕੌਰ ਏਐੱਸਆਈ, ਨਵਜੀਤ ਸਿੰਘ ਢਿੱਲੋਂ ਕੰਪਿਊਟਰ ਅਪਰੇਟਰ (ਆਤਮਾ) ਤੇ ਸੁਨੀਲ ਕੁਮਾਰ ਜੇਟੀ ਸੰਗਤ ਹਾਜਰ ਰਹੇ। ਇਸ ਦੇ ਨਾਲ ਹੀ ਰਨਜੀਤ ਸਿੰਘ ਸਰਪੰਚ ਰਾਏਕੇ ਕਲਾਂ, ਗੁਰਮੀਤ ਸਿੰਘ ਮੈਂਬਰ ਅਤੇ ਰਾਜਿੰਦਰ ਸਿੰਘ ਮੈਂਬਰ ਦਾ ਵਿਸ਼ੇਸ਼ ਸਹਿਯੋਗ ਰਿਹਾ।