ਅਪੇਕਸ਼ਾ ਨੇ ਸੀਬੀਐੱਸਈ 12ਵੀਂ ’ਚ ਹਾਸਲ ਕੀਤੇ 98.2 ਫ਼ੀਸਦੀ ਅੰਕ
ਅਪੈਕਸ਼ਾ ਨੇ ਸੀਬੀਐਸਈ ਬਾਰਵੀਂ ਵਿੱਚ 98.2 ਫੀਸਦੀ ਨਾਲ ਮਾਰੀ ਬਾਜ਼ੀ
Publish Date: Sun, 17 May 2026 05:13 PM (IST)
Updated Date: Mon, 18 May 2026 04:07 AM (IST)
-ਗਣਿਤ ਵਿਸ਼ੇ ’ਚ 3 ਵਿਸ਼ਵ ਰਿਕਾਰਡ ਤੇ 2 ਇੰਡੀਆ ਬੁੱਕ ਰਿਕਾਰਡ ਵੀ ਕੀਤੇ ਦਰਜ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੀ ਸਟੇਟ ਐਵਾਰਡੀ ਵਿਦਿਆਰਥਣ ਅਪੈਕਸ਼ਾ ਨੇ ਆਰਟਸ ਸਟ੍ਰੀਮ ਵਿੱਚ 98.2 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਬਠਿੰਡਾ ਵਿਚ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਪ੍ਰਿੰਸੀਪਲ ਫਾਦਰ ਯੂਲੇਲਿਓ ਫਰਨਾਂਡਿਜ ਨੇ ਦੱਸਿਆ ਕਿ ਸਕੂਲ ਦੀ ਹੈਡ ਗਰਲ ਰਹੀ ਅਪੇਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ 500 ਵਿੱਚੋਂ 491 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਅੰਗਰੇਜ਼ੀ ਅਤੇ ਪੇਂਟਿੰਗ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਹਾਸਲ ਕੀਤੇ ਹਨ ਅਤੇ ਜ਼ਿਲ੍ਹਾ ਬਠਿੰਡਾ ਦੇ ਟਾਪਰਾਂ ਵਿੱਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਦੱਸਿਆ ਕਿ ਅਪੇਕਸ਼ਾ ਨੂੰ 15 ਅਗਸਤ 2025 ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਅਪੇਕਸ਼ਾ ਨੇ ਮੈਥ ਵਿਸ਼ੇ ’ਚ 3 ਵਰਲਡ ਰਿਕਾਰਡ ਅਤੇ 2 ਇੰਡੀਆ ਬੁੱਕ ਰਿਕਾਰਡ ਆਪਣੇ ਨਾਮ ਕੀਤੇ ਹਨ। ਉਸ ਵੱਲੋਂ ਪੰਜਾਬ ਦੇ 10 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਵੈਦਿਕ ਮੈਥ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ। ਅਪੈਕਸ਼ਾ 2 ਨੈਸ਼ਨਲ ਅਤੇ 2 ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵੀ ਜਿੱਤ ਚੁੱਕੀ ਹੈ।ਅਪੈਕਸ਼ਾ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਹ ਸਕੂਲ ਤੋਂ ਇਲਾਵਾ ਰੋਜ਼ਾਨਾ 7 ਤੋਂ 8 ਘੰਟੇ ਸਵੈ ਅਧਿਐਨ ਕਰਦੀ ਸੀ ਤੇ ਉਸ ਨੇ ਕੋਈ ਟਿਊਸ਼ਨ ਨਹੀਂ ਰੱਖੀ। ਉਸ ਨੇ ਦੱਸਿਆ ਕਿ ਭਵਿੱਖ ਵਿੱਚ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਾਹੁੰਦੀ ਹੈ।